ਨਵੀਂ ਦਿੱਲੀ: ਬਲੂਮਬਰਗ ਨੇ ਚਾਰ ਵੱਖ-ਵੱਖ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੇ ਚੀਨ ਦੀ ਸਰਹੱਦ ਦੇ ਤਿੰਨ ਵੱਖ-ਵੱਖ ਖੇਤਰਾਂ ਵਿੱਚ ਸੈਨਿਕ ਫੌਜਾਂ ਤੋਂ ਇਲਾਵਾ ਲੜਾਕੂ ਜਹਾਜ਼ਾਂ ਦੇ ਸਕੁਐਡਰਨ ਤਾਇਨਾਤ ਕੀਤੇ ਹਨ। ਪਿਛਲੇ ਸਾਲ ਦੇ ਮੁਕਾਬਲੇ LAC ਉੱਤੇ ਭਾਰਤੀ ਸੈਨਿਕਾਂ ਦੀ ਤਾਇਨਾਤੀ ਵਿੱਚ 40% ਦਾ ਵਾਧਾ ਹੋਇਆ ਹੈ। ਫੌਜ ਨੂੰ ਇਕ ਘਾਟੀ ਤੋਂ ਦੂਜੀ ਵਾਦੀ ਵਿੱਚ ਲਿਜਾਣ ਲਈ ਹੋਰ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਹੈਲੀਕਾਪਟਰਾਂ ਨਾਲ M777 ਹੋਵੀਟਜ਼ਰ ਤੋਪ ਨੂੰ ਵੀ ਏਅਰਲਿਫਟ ਕੀਤਾ ਜਾ ਸਕਦਾ ਹੈ।
ਬੇਸ਼ੱਕ ਭਾਰਤ ਤੇ ਚੀਨ ਵੱਲੋਂ ਸਰਹੱਦ ਉੱਪਰ ਸਭ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਸੱਚਾਈ ਕੁਝ ਹੋਰ ਹੈ। ਅਸਲੀਅਤ ਹੈ ਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਆਹਮੋ-ਸਾਹਮਣੇ ਖੜ੍ਹੀਆਂ ਹਨ। ਭਾਰਤ ਨੇ ਪਿਛਲੇ ਦਿਨਾਂ ਵਿੱਚ ਚੀਨੀ ਸਰਹੱਦ ‘ਤੇ 50 ਹਜ਼ਾਰ ਵਾਧੂ ਸੈਨਿਕ ਤਾਇਨਾਤ ਕੀਤੇ ਹਨ। ਇਹ ਜਾਣ ਕੇ ਹੈਰਾਨੀ ਹੋਏਗੀ ਕਿ 1962 ਦੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ LAC ਉੱਤੇ ਭਾਰਤੀ ਸੈਨਿਕਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਇਹ ਇਸ ਲਈ ਹੈ ਕਿਉਂਕਿ ਚੀਨ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ 2 ਲੱਖ ਸੈਨਿਕਾਂ ਨੂੰ ਭਾਰਤੀ ਸਰਹੱਦ ਦੇ ਆਸ ਪਾਸ ਤਾਇਨਾਤ ਕੀਤਾ ਹੈ।
ਭਾਰਤ ਦੇ ਇਸ ਕਦਮ ਪਿੱਛੇ ਚੀਨ ਦੀਆਂ ਵੱਧ ਰਹੀਆਂ ਗਤੀਵਿਧੀਆਂ ਹਨ। ਫਰਵਰੀ ਵਿੱਚ ਇਕ ਸਮਝੌਤਾ ਹੋਇਆ ਸੀ ਕਿ ਦੋਵੇਂ ਫ਼ੌਜਾਂ ਸੈਨਿਕਾਂ ਦੀ ਤਾਇਨਾਤੀ ਨੂੰ ਘਟਾਉਣਗੀਆਂ। ਚੀਨ ਨੇ ਅਜਿਹਾ ਨਹੀਂ ਕੀਤਾ ਅਤੇ ਉਲਟਾ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ। ਇਸ ਵਾਅਦਾਖਿਲਾਫੀ ਦੇ ਮੱਦੇਨਜ਼ਰ ਭਾਰਤ ਨੇ ਫੌਜ ਵੀ ਵਧਾ ਦਿੱਤੀ।