ਭਾਵੇਂ ਕਿ ਪੰਜਬ ਭਰ ‘ਚ ਕੱਚੇ ਅਧਿਆਪਕਾਂ ਵੱਲੋਂ ਪੱਕੇ ਹੋਣ ਦੇ ਲਈ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਅਜਿਹੇ ਵਿੱਚ ਹੀ ਪੰਜਾਬ ਸਿੱਖਿਆ ਸਕੱਤਰ ਲੋਕਾਂ ਦੇ ਘਰ ‘ਚ ਖੁੱਦ ਪੈਂਫਲੇਟ ਵੰਡ ਰਹੇ ਹਨ। ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਾਲੀ ਬਣਾਉਣ ਲਈ ਸਿੱਖਿਆ ਵਿਭਾਗ ਵਿਲੱਖਣ ਉਪਰਾਲਿਆਂ ਸਦਕਾ ਲਗਾਤਾਰ ਨਵੀਆਂ-ਨਵੀਆਂ ਸਫ਼ਲ ਮੁਹਿੰਮਾਂ ਦਾ ਆਗਾਜ਼ ਕਰ ਰਿਹਾ ਹੈ। ਇਨ੍ਹਾਂ ਯਤਨਾਂ ਦੀ ਲਗਾਤਾਰਤਾ ‘ਚ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਾਹਿਤ ਦੀ ਚੇਟਕ ਤੇ ਪੜ੍ਹਨ ਰੁਚੀਆਂ ਵਿਕਸਿਤ ਕਰਨ ਲਈ ਫਿਰ ਤੋਂ ਪੂਰਨ ਯੋਜਨਾਬੱਧ ਤਰੀਕੇ ਨਾਲ ਲਾਇਬ੍ਰੇਰੀ ਲੰਗਰ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।
ਵਿਭਾਗ ਵੱਲੋਂ ਕੀਤੀ ਯੋਜਨਾਬੰਦੀ ਤਹਿਤ 8 ਜੁਲਾਈ ਤੋਂ ਕਪੂਰਥਲਾ ਤੇ ਮੁਕਤਸਰ ‘ਚ ਲਾਇਬ੍ਰੇਰੀ ਲੰਗਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ 9 ਜੁਲਾਈ ਨੂੰ ਹੁਸ਼ਿਆਰਪੁਰ ਤੇ ਜਲੰਧਰ, 12 ਜੁਲਾਈ ਨੂੰ ਲੁਧਿਆਣਾ ਤੇ ਨਵਾਂ ਸ਼ਹਿਰ , 13 ਜੁਲਾਈ ਨੂੰ ਿਫ਼ਰੋਜ਼ਪੁਰ ਤੇ ਫ਼ਾਜ਼ਿਲਕਾ, 14 ਜੁਲਾਈ ਨੂੰ ਮਾਨਸਾ ਤੇ ਗੁਰਦਾਸਪੁਰ, 15 ਜੁਲਾਈ ਨੂੰ ਬਠਿੰਡਾ ਤੇ ਤਰਨਤਾਰਨ, 16 ਜੁਲਾਈ ਨੂੰ ਸੰਗਰੂਰ ਤੇ ਫ਼ਤਹਿਗੜ੍ਹ ਸਾਹਿਬ, 19 ਜੁਲਾਈ ਨੂੰ ਮੋਹਾਲੀ ਤੇ ਪਟਿਆਲਾ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਦਿੱਤੀਆਂ ਜਾਣਗੀਆਂ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਕਿਤਾਬਾਂ ਦੀਆਂ ਸਟਾਲਾਂ ਲਾ ਕੇ ਦੇਸ਼ ਦੇ ਭਵਿੱਖ ਨੂੰ ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪੜ੍ਹਨ ਲਈ ਪੇ੍ਰਿਤ ਕੀਤਾ ਜਾਵੇਗਾ।
ਇਸ ਮੁਹਿੰਮ ਦੀ ਸ਼ੁਰੂਆਤ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਵੱਲੋਂ ਮੁਕਤਸਰ ਦੇ ਪਿੰਡ ਕੋਟ ਭਾਈ ਵਿਖੇ ਉਚੇਚੇ ਤੌਰ ‘ਤੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਘਰੋਂ-ਘਰੀਂ ਕਿਤਾਬਾਂ ਵੰਡ ਕੇ ਕੀਤੀ ਗਈ। ਆਪਣੇ ਮਿਹਨਤੀ ਸਿੱਖਿਆ ਅਮਲੇ ਦੀ ਟੀਮ ਦੀ ਅਗਵਾਈ ਕਰਦੇ ਹੋਏ ਜਿਉਂ ਹੀ ਸਿੱਖਿਆ ਸਕੱਤਰ ਵਿਦਿਆਰਥੀਆਂ ਦੇ ਘਰਾਂ ਤਕ ਲਾਇਬ੍ਰੇਰੀ ਦੀਆਂ ਕਿਤਾਬਾਂ ਉਨ੍ਹਾਂ ਦੇ ਹੱਥਾਂ ‘ਚ ਦੇਣ ਲਈ ਤੇ ਮਿਹਨਤੀ ਅਧਿਆਪਕਾਂ ਦੀ ਹੌਸਲਾ ਅਫ਼ਜਾਈ ਕਰਨ ਪਹੁੰਚੇ ਤਾਂ ਹਰ ਕੋਈ ਸਿੱਖਿਆ ਵਿਭਾਗ ਦੇ ਮਿਹਨਤਕਸ਼ ਅਮਲੇ ਤੇ ਸਰਕਾਰੀ ਸਕੂਲਾਂ ਦੀ ਤਾਰੀਫ਼ ਕਰਨੋਂ ਨਾ ਰਹਿ ਸਕਿਆ। ਪਰ ਓਥੇ ਹੀ ਵਿਦਿਆਰਥੀਆਂ ਦੇ ਮਾਪੇ ਮਹਾਮਾਰੀ ਦੇ ਦੌਰ ‘ਚ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਆਪਣੇ ਬੱਚਿਆਂ ਦੇ ਭਵਿੱਖ ਤੋਂ ਸੰਤੁਸ਼ਟ ਨਜ਼ਰ ਆਏ।