ਕਲੈਂਡ(ਬਲਜਿੰਦਰ ਸਿੰਘ)ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਇਸ ਦੇ ਚੱਲਦਿਆਂ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ‘ਚ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।ਕਿਸਾਨਾਂ ਦੇ ਹੱਕ ‘ਚ ਕਈ ਕਲਾਕਾਰਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪੰਜਾਬੀ ਇੰਡਸਟਰੀ ਦੇ ਮਹਾਨ ਫਨਕਾਰ ਮਹਰੂਮ ਸਰਦੂਲ ਸਿਕੰਦਰ ਜੀ ਵੀ ਕਿਸਾਨਾਂ ਦੇ ਪ੍ਰਦਰਸ਼ਨ ‘ਚ ਕਈ ਵਾਰ ਸ਼ਾਮਿਲ ਹੋਏ ਸਨ।
ਸਰਦੂਲ ਸਿਕੰਦਰ ਸਾਹਿਬ ਨੇ ਆਪਣੀ ਬੁਲੰਦ ਆਵਾਜ਼ ‘ਚ ਧਰਨੇ ‘ਤੇ ਬੈਠੇ ਅਤੇ ਕਦੇ ਨਾ ਹਾਰਨ ਵਾਲੇ ਕਿਸਾਨਾਂ ਦਾ ਹੌਸਲਾ ਵਧਾਉਣ ਦੇ ਲਈ ਆਪਣੇ ਆਖਰੀ ਸਮੇਂ ਇੱਕ ਗੀਤ ਰਿਕਾਰਡ ਕੀਤਾ ਸੀ ਜਿਸ ਨੂੰ ਲਿਖਿਆ ਹੈ ਉੱਘੇ ਗੀਤਕਾਰ ਜਸਬੀਰ ਗੁਣਾਚੌਰੀਆ ਨੇ ਇਹ ਗੀਤ ਸਕਾਈ ਬੀਟਸ ਦੇ ਰਾਹੀਂ ਰਲੀਜ਼ ਕੀਤਾ ਜਾ ਰਿਹਾ ਹੈ।
ਪਿਛਲੇ ਦਿਨੀ ਸਰਦੂਲ ਸਿਕੰਦਰ ਦੇ ਪੁੱਤਰ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਲਿਖਿਆ ਕਿ ‘ਪਾਪਾ ਹਮੇਸ਼ਾ ਹੱਕ ਸੱਚ ਦੀ ਲੜਾਈ ‘ਚ ਸਭ ਦੇ ਨਾਲ ਅੱਗੇ ਹੋ ਕੇ ਸ਼ਮੂਲੀਅਤ ਕਰਦੇ ਸੀ ।ਜਿੱਥੇ ਕਿਤੇ ਵੀ ਕਿਸੇ ਬੇਕਸੂਰ ਦਾ ਹੱਕ ਖੋਹਿਆ ਜਾਂਦਾ ਸੀ, ਉਸ ਦੇ ਸੱਚ ਨੂੰ ਝੂਠ ਦੀ ਦੀਵਾਰ ਅੱਗੇ ਨੀਚਾ ਦਿਖਾਇਆ ਜਾਂਦਾ ਸੀ ਅਤੇ ਇਨਸਾਫ਼ ਦੀ ਮੰਗ ਕਰਦਿਆਂ ਅਵਾਜ਼ਾਂ ਨੂੰ ਧੱਕੇ ਦੇ ਨਾਲ ਦਬਾਇਆ ਜਾਂਦਾ ਸੀ, ਉੱਥੇ-ਉੱਥੇ, ਜਨਾਬ ਸਰਦੂਲ ਸਿਕੰਦਰ ਸਾਹਿਬ, ਜ਼ਾਲਮਾਂ ਦੇ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਂਦੇ ਸੀ । ਜ਼ੁਲਮ ਤੋਂ ਪੀੜਤ ਹੋਈਆਂ ਰੂਹਾਂ ਨੂੰ ਪੁਰਜ਼ੋਰ ਹੌਸਲਾ ਦੇ ਕੇ ਉਨ੍ਹਾਂ ਦਾ ਸਾਥ ਨਿਭਾਉਂਦੇ ਸੀ ਅਤੇ ਉਨ੍ਹਾਂ ਦੇ ਹੱਕ ਸੱਚ ਦੀ ਲੜਾਈ ਵਿੱਚ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਨਿਭਾਉਂਦੇ ਸੀ ਅਤੇ ਉਨ੍ਹਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਣ ਦੀ ਸੋਚ ਰੱਖਦੇ ਸੀ । ਅੱਜ ਦੇ ਦੌਰ ‘ਚ ਇੱਕ ਅਜਿਹਾ ਜ਼ੁਲਮ ਜੋ ਅੰਨ ਦਾਤਾ ਦੇ ਉੱਤੇ ਢਾਹਿਆ ਜਾ ਰਿਹਾ ਹੈ। ਉਸ ਦੇ ਨਾਲ ਅੱਜ ਪੂਰੀ ਦੁਨੀਆ ਵਾਕਿਫ ਹੈ।