ਆਕਲੈਂਡ (ਬਲਜਿੰਦਰ ਸਿੰਘ)-ਪਾਕਿਸਤਾਨ ਖਿਲਾਫ਼ ਪਹਿਲੇ ਵਨਡੇ ਮੈਚ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਟੀਮ ਨੇ ਅਪਣਾ ਦੌਰਾ ਰੱਦ ਕਰ ਦਿੱਤਾ ਹੈ। ਨਿਊਜ਼ੀਲੈਂਡ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰਾਵਲਪਿੰਡੀ ਦੇ ਸਟੇਡੀਅਮ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ।ਦੱਸਣਯੋਗ ਹੈ ਕਿ ਟੀਮ ਨੇ ਪਾਕਿਸਤਾਨ ਖਿਲਾਫ਼ ਪਹਿਲਾ ਵਨਡੇ ਅੰਤਰਰਾਸ਼ਟਰੀ ਮੈਚ ਖੇਡਣਾ ਸੀ। ਨਿਊਜ਼ੀਲੈਂਡ ਦੀ ਟੀਮ 18 ਸਾਲ ਬਾਅਦ ਪਾਕਿਸਤਾਨ ਦੀ ਧਰਤੀ ’ਤੇ ਕ੍ਰਿਕਟ ਖੇਡਣ ਗਈ ਹੈ। ਦੋਵੇਂ ਟੀਮਾਂ ਵਿਚਾਲੇ ਰਾਵਲਪਿੰਡੀ ਵਿਚ ਮੁਕਾਬਲਾ ਹੋਣਾ ਸੀ।
ਨਿਊਜ਼ੀਲੈਂਡ ਕ੍ਰਿਕਟ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ, ‘ਪਾਕਿਸਤਾਨ ਵਿਚ ਖਤਰੇ ਦੇ ਪੱਧਰ ਵਿਚ ਵਾਧਾ ਦੇਖਦੇ ਹੋਏ ਅਤੇ ਨਿਊਜ਼ੀਲੈਂਡ ਸੁਰੱਖਿਆ ਸਲਾਹਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਨਿਊਜ਼ੀਲੈਂਡ ਇਹ ਦੌਰਾਂ ਜਾਰੀ ਨਹੀ ਰੱਖੇਗਾ।ਨਿਊਜ਼ੀਲੈਂਡ ਕ੍ਰਿਕਟ ਦੇ ਚੀਫ ਐਗਜ਼ੀਕਿਊਟਿਵ ਡੇਵਿਡ ਵ੍ਹਾਈਟ ਨੇ ਕਿਹਾ ਕਿ ਉਹਨਾਂ ਨੂੰ ਜੋ ਸਲਾਹ ਮਿਲ ਰਹੀ ਸੀ, ਉਸ ਨੂੰ ਦੇਖਦੇ ਹੋਏ ਦੌਰੇ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ। ਉਹਨਾਂ ਕਿਹਾ, ‘ਮੈਂ ਸਮਝਦਾ ਹਾਂ ਕਿ ਇਹ ਪੀਸੀਬੀ ਲਈ ਇਕ ਝਟਕਾ ਹੋਵੇਗਾ ਜੋ ਇਕ ਸ਼ਾਨਦਾਰ ਮੇਜ਼ਬਾਨ ਰਿਹਾ ਹੈ ਪਰ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ।
ਇਮਰਾਨ ਖਾਨ ਦੇ ਕਹਿਣ ‘ਤੇ ਵੀ ਨਹੀਂ ਮੰਨੀ ਜੈਸਿੰਡਾ ਆਰਡਨ
ਡਾਨ ਨਿਊਜ਼ ਮੁਤਾਬਕ, ਦੌਰਾ ਰੱਦ ਨਾ ਹੋ ਸਕੇ ਇਸ ਲਈ ਪੀਸੀਬੀ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਜੈਸਿੰਡਾ ਅਰਡਨ ਨੂੰ ਫੋਨ ਕੀਤਾ ਸੀ।ਉਨ੍ਹਾਂ ਨੇ ਆਰਡਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ।ਦੌਰਾ ਰੱਦ ਹੋਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਕਿਹਾ ਕਿ ਉਹ ਖਿਡਾਰੀਆਂ ਨੂੰ ਸੁਰੱਖਿਆ ਨੂੰ ਦੇਖਦੇ ਹੋਏ ਪਾਕਿਸਤਾਨ ਦੌਰਾ ਰੱਦ ਕਰਨ ਦੇ ਨਿਊਜ਼ੀਲੈਂਡ ਕ੍ਰਿਕਟ ਦੇ ਫ਼ੈਸਲੇ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ।