ਮਿਸਟਰ ਸਪਿਨਰ ਵਰੁਣ ਚੱਕਰਵਤੀ (3/13) ਅਤੇ ਤੇਜ਼ ਗੇਂਦਬਾਜ਼ ਆਲਰਾਊਂਡਰ ਆਂਦਰੇ ਰਸਲ (3/9) ਦੀ ਧਮਾਕੇਦਾਰ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਆਈ. ਪੀ. ਐੱਲ. 14 ਦੇ 31ਵੇਂ ਮੈਚ ਵਿਚ ਇੱਥੇ ਸੋਮਵਾਰ ਨੂੰ ਰਾਇਲ ਚੈਂਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਬੈਂਗਲੁਰੂ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 100 ਦੌੜਾਂ ਵੀ ਨਹੀਂ ਬਣਾ ਸਕੀ ਅਤੇ 19 ਓਵਰ ਵਿਚ 92 ਦੌੜਾਂ ‘ਤੇ ਢੇਰ ਹੋ ਗਈ।
ਜਵਾਬ ਵਿਚ ਕੇ. ਕੇ. ਆਰ. ਨੇ ਸਾਲਮੀ ਬੱਲੇਬਾਜ਼ਾਂ ਸ਼ੁਭਮਨ ਗਿਲ (48) ਤੇ ਵੈਂਕਟੇਸ਼ ਅਈਅਰ (41) ਦੀ ਪਹਿਲੇ ਵਿਕਟ ਦੇ ਲਈ 82 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ 10 ਓਵਰਾਂ ਵਿਚ ਹੀ 9 ਵਿਕਟਾਂ ਨਾਲ ਮੈਚ ਜਿੱਤ ਲਿਆ। ਸ਼ੁਭਮਨ ਨੇ 6 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 34 ਗੇਂਦਾਂ ‘ਤੇ 48 ਦੌੜਾਂ ਤੇ ਵੈਂਕਟੇਸ਼ ਨੇ 7 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 27 ਗੇਂਦਾਂ ‘ਤੇ 41 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਕੋਲਕਾਤਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਬੈਂਗਲੁਰੂ ਦੇ ਬੱਲੇਬਾਜ਼ਾਂ ਦੇ ਚਾਰੇ ਖਾਨੇ ਚਿੱਤ ਕਰ ਦਿੱਤੇ। ਕੇ. ਕੇ. ਆਰ. ਦੇ ਗੇਂਦਬਾਜ਼ਾਂ ਦਾ ਪਹਿਲਾ ਸ਼ਿਕਾਰ ਖੁਦ ਵਿਰਾਟ ਕੋਹਲੀ ਬਣੇ, ਜਿਸ ਨੂੰ ਦੂਜੇ ਓਵਰ ਵਿਚ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੇ ਆਊਟ ਕੀਤਾ। ਇਸ ਤੋਂ ਬਾਅਦ ਦੇਵਦੱਤ ਪੱਡੀਕਲ ਅਤੇ ਸ਼ੀਕਰ ਭਾਰਤ ਨੇ 31 ਦੌੜਾਂ ਦੀ ਸਾਂਝੇਦਾਰੀ ਕਰ ਪਾਰੀ ਨੂੰ ਸੰਭਾਲਿਆ ਪਰ ਗੇਂਦਬਾਜ਼ ਲੌਕੀ ਫਰਗੂਸਨ ਨੇ ਪੱਡੀਕਲ ਨੂੰ ਆਊਟ ਕਰ ਇਹ ਸਾਂਝੇਦਾਰੀ ਤੋੜੀ ਅਤੇ ਇਸ ਤੋਂ ਬਾਅਦ ਤਾਂ ਵਿਕਟਾਂ ਦੀ ਝੜੀ ਲੱਗ ਗਈ। ਆਰ. ਸੀ. ਬੀ. ਵਲੋਂ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਇਕ ਵਿਕਟ ਹਾਸਲ ਕੀਤੀ। ਕੋਲਕਾਤਾ ਨੇ ਇਸ ਜਿੱਤ ਦੇ ਨਾਲ ਮਹੱਤਵਪੂਰਨ 2 ਅੰਕ ਹਾਸਲ ਕੀਤੇ। ਉਸ ਨੂੰ ਵੱਡੇ ਅੰਤਰ ਦੇ ਨਾਲ ਜਿੱਤਣ ਦਾ ਫਾਇਦਾ ਵੀ ਹੋਇਆ ਹੈ।
ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਰਾਹੁਲ ਤ੍ਰਿਪਾਠੀ, ਈਓਨ ਮੌਰਗਨ (ਕਪਤਾਨ), ਆਂਦਰੇ ਰਸੇਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਲੌਕੀ ਫਰਗੂਸਨ, ਵਰੁਣ ਚੱਕਰਵਰਤੀ, ਪ੍ਰਸਿਧ ਕ੍ਰਿਸ਼ਨਾ
ਰਾਇਲ ਚੈਲੰਜਰਜ਼ ਬੰਗਲੌਰ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਸ਼੍ਰੀਕਰ ਭਾਰਤ, ਗਲੇਨ ਮੈਕਸਵੈੱਲ, ਏਬੀ ਡੀਵਿਲੀਅਰਜ਼ (ਵਿਕਟਕੀਪਰ), ਵਾਨਿੰਦੂ ਹਸਰੰਗਾ, ਸਚਿਨ ਬੇਬੀ, ਕਾਈਲ ਜੈਮੀਸਨ, ਮੁਹੰਮਦ ਸਿਰਾਜ, ਹਰਸ਼ਾਲ ਪਟੇਲ, ਯੁਜਵੇਂਦਰ ਚਾਹਲ।