ਕੈਨੇਡਾ ਦੇ 15 ਸਾਲਾ ਸਿੱਖ ਵਿਦਿਆਰਥੀ ਨੇ ਕੌਮਾਂਤਰੀ ਵਿਗਿਆਨ ਮੇਲੇ ਵਿਚ ਮੱਲ ਮਾਰ ਕੇ ਪੰਜਾਬੀਆਂ ਦਾ ਨਾਮ ਦੁਨੀਆਂ ਭਰ ਵਿਚ ਚਮਕਾ ਦਿਤਾ ਹੈ। ਉਨਟਾਰੀਉ ਸੂਬੇ ’ਚ ਪੈਂਦੇ ਵਾਟਰਲੂ ਸ਼ਹਿਰ ਦੇ ਵਾਸੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ ਕੇਅਰ (ਅੱਖਾਂ ਦੀ ਦੇਖਭਾਲ) ਪ੍ਰਾਜੈਕਟ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਵਿਗਿਆਨੀਆਂ ਲਈ ਕਰਵਾਏ ਗਏ ਯੂਰਪੀ ਯੂਨੀਅਨ ਕੰਟੈਸਟ ਵਿਚ ਭੇਜਿਆ ਗਿਆ ਸੀ, ਜਿਸ ਨੇ ਦੂਜਾ ਇਨਾਮ ਜਿੱਤ ਲਿਆ ਹੈ।
ਸਪੇਨ ਦੇ ਸਲਾਮਾਂਕਾ ਸ਼ਹਿਰ ’ਚ ਇਸ ਮਹੀਨੇ ਦੇ ਸ਼ੁਰੂ ਵਿਚ ਨੌਜਵਾਨ ਵਿਗਿਆਨੀਆਂ ਲਈ ਯੂਰਪੀ ਯੂਨੀਅਨ ਕੰਟੈਸਟ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਲਈ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਨੇ ਅਪਣੇ ਸਭ ਤੋਂ ਵਧੀਆ ਸਾਇੰਸ-ਫੇਅਰ ਪ੍ਰਾਜੈਕਟ ਭੇਜੇ ਸਨ। ਇਸੇ ਤਰ੍ਹਾਂ ਵਾਟਰਲੂ ਦੇ ਨੌਜਵਾਨ ਵਿਦਿਆਰਥੀ ਹਰਦਿੱਤ ਸਿੰਘ ਵਲੋਂ ਬਣਾਇਆ ਗਿਆ ਆਈ-ਕੇਅਰ ਪ੍ਰਾਜੈਕਟ ਵੀ ਕੈਨੇਡਾ ਵਲੋਂ ਇਸ ਕੌਮਾਂਤਰੀ ਵਿਗਿਆਨ ਮੇਲੇ ਵਿਚ ਭੇਜਿਆ ਗਿਆ ਸੀ, ਜੋ ਕਿ ਮੁਕਾਬਲੇ ਦੇ ਜੱਜਾਂ ਨੂੰ ਵਧੀਆ ਲਗਿਆ ਤੇ ਇਸ ਦੇ ਚਲਦਿਆਂ ਹਰਦਿੱਤ ਸਿੰਘ ਦੇ ਇਸ ਪ੍ਰਾਜੈਕਟ ਨੇ ਮੇਲੇ ਵਿਚ ਦੂਜਾ ਇਨਾਮ ਜਿੱਤ ਲਿਆ।
ਦਰਅਸਲ, ਹਰਦਿੱਤ ਸਿੰਘ ਵਲੋਂ ਸਪੈਕੁਲਰ ਨਾਮ ਨਾਲ ਬਣਾਏ ਗਏ ਇਸ ਆਈ-ਕੇਅਰ ਪ੍ਰਾਜੈਕਟ ਰਾਹੀਂ ਅੱਖਾਂ ਦੇ ਇਲਾਜ ਨੂੰ ਸਸਤਾ ਤੇ ਪਹੁੰਚਯੋਗ ਬਣਾਉਣ ਵਿਚ ਮਦਦ ਮਿਲੇਗੀ। ਇਹ ਸਫ਼ਲਤਾ ਹਾਸਲ ਕਰਨ ਮਗਰੋਂ ਹਰਦਿੱਤ ਸਿੰਘ ਨੇ ਕਿਹਾ ਕਿ ਇਸ ਕੌਮਾਂਤਰੀ ਪੱਧਰ ਦੇ ਵਿਗਿਆਨ ਮੇਲੇ ਵਿਚ ਬਹੁਤ ਵਧੀਆ-ਵਧੀਆ ਪ੍ਰਾਜੈਕਟ ਆਏ ਹੋਏ ਸਨ ਤੇ ਉਸ ਦੇ ਪ੍ਰਾਜੈਕਟ ਨੂੰ ਦੂਜਾ ਸਥਾਨ ਮਿਲਣ ’ਤੇ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਕਿਚਨਰ ’ਚ ਕੈਮਰੂਨ ਹਾਈਟਸ ਕਾਲਜੀਏਟ ਇੰਸਟੀਟਿਊਟ ’ਚ 10ਵੀਂ ਜਮਾਤ ’ਚ ਪੜ੍ਹਦੇ ਹਰਦਿੱਤ ਸਿੰਘ ਨੇ ਇਨ੍ਹਾਂ ਕੌਮਾਂਤਰੀ ਮੁਕਾਬਲਿਆਂ ’ਚ ਆਨਲਾਈਨ ਢੰਗ ਰਾਹੀਂ ਭਾਗ ਲਿਆ ਸੀ।