ਸਲਾਮੀ ਬੱਲੇਬਾਜ਼ ਜੇਸਨ ਰਾਏ (60) ਤੇ ਕਪਤਾਨ ਕੇਨ ਵਿਲੀਅਮਸਨ (51) ਦੇ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਇੱਥੇ ਸੋਮਵਾਰ ਨੂੰ ਆਈ. ਪੀ. ਐੱਲ. 14 ਦੇ 40ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ ਪੰਜ ਵਿਕਟਾਂ ‘ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿਚ ਹੈਦਰਾਬਾਦ ਨੇ ਰਾਏ ਦੀ 60 ਦੌੜਾਂ ਦੀ ਧਮਾਕੇਦਾਰ ਪਾਰੀ ਅਤੇ ਵਿਲੀਅਮਸਨ ਦੀ ਅਜੇਤੂ 51 ਦੌੜਾਂ ਦੀ ਬਦੌਲਤ 18.3 ਓਵਰਾਂ ਵਿਚ ਤਿੰਨ ਵਿਕਟਾਂ ‘ਤੇ 167 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਰਾਏ ਨੇ 8 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 42 ਗੇਂਦਾਂ ਵਿਚ 60 ਅਤੇ ਵਿਲੀਅਮਸਨ ਨੇ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 41 ਗੇਂਦਾਂ ਵਿਚ ਅਜੇਤੂ 51 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ ਆਖਰ ਵਿਚ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 16 ਗੇਂਦਾਂ ‘ਤੇ 21 ਦੌੜਾਂ ਦੀ ਅਜੇਤੂ ਪਾਰੀ ਖੇਡੀ ਸ਼ੁਰੂਆਤ ਵਿਚ ਰਿਧੀਮਾਨ ਸਾਹਾ ਨੇ ਵੀ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 11 ਗੇਂਦਾਂ ‘ਤੇ 18 ਦੌੜਾਂ ਬਣਾਈਆਂ। ਤੂਫਾਨੀ ਪਾਰੀ ਦੇ ਲਈ ਜੇਸਨ ਰਾਏ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਰਾਜਸਥਾਨ ਵਲੋਂ ਗੇਂਦਬਾਜ਼ੀ ਕੁਝ ਖਾਸ ਨਹੀ ਰਹੀ। ਮੁਸਤਫਿਜ਼ੁਰ ਰਹਿਮਾਨ, ਮਹਿਪਾਲ ਲੋਮਰੋਰ ਤੇ ਚੇਤਨ ਸਕਾਰੀਆ ਨੂੰ 1-1 ਵਿਕਟ ਮਿਲਿਆ। ਹੋਰ ਕਿਸੇ ਵੀ ਗੇਂਦਬਾਜ਼ ਨੂੰ ਵਿਕਟ ਨਹੀਂ ਮਿਲਿਆ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਵਿਚ ਵੀ ਸਿਰਫ ਕਪਤਾਨ ਸੰਜੂ ਸੈਮਸਨ ਦਾ ਬੱਲਾ ਬੋਲਿਆ, ਜਿਸ ਨੇ 7 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 57 ਗੇਂਦਾਂ ‘ਤੇ 82 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ ਪੰਜ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 23 ਗੇਂਦਾਂ ‘ਤੇ 36 ਦੌੜਾਂ ਬਣਾਈਆਂ। ਇਸ ਜਿੱਤ ਦੇ ਨਾਲ ਹੈਦਰਾਬਾਦ ਦੀ ਸਥਿਤੀ ਵਿਚ ਤਾਂ ਕੋਈ ਸੁਧਾਰ ਨਹੀਂ ਆਇਆ ਹੈ ਪਰ ਰਾਜਸਥਾਨ ਟਾਪ ਚਾਰ ਦੀ ਦੌੜ ਵਿਚ ਥੋੜਾ ਪਿੱਛੇ ਹੋ ਗਿਆ ਹੈ। ਰਾਜਸਥਾਨ ਨੂੰ ਹੁਣ ਆਪਣੇ ਆਖਰੀ ਚਾਰ ਮੈਚ ਜਿੱਤਣੇ ਹੋਣਗੇ। ਜੇਕਰ ਉਸ ਨੂੰ ਟਾਪ ਚਾਰ ਵਿਚ ਜਗ੍ਹਾ ਬਣਾਉਣੀ ਹੈ ਤਾਂ।
ਸਨਰਾਈਜ਼ਰਸ ਹੈਦਰਾਬਾਦ : ਜੇਸਨ ਰਾਏ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪੁਤਾਨ), ਪ੍ਰਿਯਮ ਗਰਗ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਸੰਦੀਪ ਸ਼ਰਮਾ
ਰਾਜਸਥਾਨ ਰਾਇਲਜ਼ : ਇਵਿਨ ਲੁਈਸ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਲਿਆਮ ਲਿਵਿੰਗਸਟੋਨ, ਮਹੀਪਾਲ ਲੋਮਰ, ਰੀਆਨ ਪਰਾਗ, ਰਾਹੁਲ ਤਿਵੇਟੀਆ, ਕ੍ਰਿਸ ਮੌਰਿਸ, ਚੇਤਨ ਸਾਕਰੀਆ, ਜੈਦੇਵ ਉਨਾਦਕਟ, ਮੁਸਤਫਿਜ਼ੁਰ ਰਹਿਮਾਨ