ਯੁਜਵੇਂਦਰ ਚਾਹਲ ਤੇ ਸ਼ਾਹਬਾਜ਼ ਅਹਿਮਦ ਦੀ ਸਪਿਨ ਜੌੜੀ ਦੇ ਦਮਦਾਰ ਪ੍ਰਦਰਸ਼ਨ ਨਾਲ ਸ਼ਾਨਦਾਰ ਵਾਪਸੀ ਕਰਨ ਵਾਲੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਗਲੇਨ ਮੈਕਸਵੈੱਲ ਦੀ ਅਜੇਤੂ ਅਰਧ-ਸੈਂਕੜੇ ਵਾਲੀ ਪਾਰੀ ਨਾਲ ਰਾਜਸਥਾਨ ਰਾਇਲਜ਼ ਨੂੰ 17 ਗੇਂਦਾਂ ਬਾਕੀ ਰਹਿੰਦੇ ਹੀ 7 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਤੀਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ।
ਆਰ. ਸੀ. ਬੀ. ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ ਅਤੇ ਉਸ ਨੇ 17.1 ਓਵਰ ’ਚ 3 ਵਿਕਟਾਂ ’ਤੇ 153 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਮੈਕਸਵੈੱਲ ਨੇ 30 ਗੇਂਦਾਂ ’ਤੇ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 50 ਦੌੜਾਂ ਬਣਾਈਆਂ। ਉਸ ਨੇ ਸ਼੍ਰੀਕਰ ਭਰਤ ਦੇ ਨਾਲ ਤੀਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਇਲਸ ਨੇ 11 ਓਵਰਾਂ ’ਚ 100 ਦੌੜਾਂ ਬਣਾ ਦਿੱਤੀਆਂ ਸਨ ਪਰ ਆਖਰੀ 9 ਓਵਰਾਂ ’ਚ ਉਹ ਸਿਰਫ 49 ਦੌੜਾਂ ਹੀ ਬਣਾ ਸਕਿਆ। ਇਸ ਦੌਰਾਨ ਉਸ ਨੇ 8 ਵਿਕਟਾਂ ਗੁਆਈਆਂ ਅਤੇ ਉਸ ਦੀ ਟੀਮ ਅਖੀਰ ’ਚ 9 ਵਿਕਟਾਂ ’ਤੇ 149 ਦੌੜਾਂ ਤੱਕ ਹੀ ਪਹੁੰਚ ਸਕੀ। ਲੁਈਸ ਤੇ ਯਸ਼ਸਵੀ ਜਾਇਸਵਾਲ ਨੇ ਪਹਿਲੀ ਵਿਕਟ ਲਈ 77 ਦੌੜਾਂ ਜੋੜ ਕੇ ਰਾਇਲਜ਼ ਨੂੰ ਚੰਗੀ ਸ਼ੁਰੂਆਤ ਦੁਆਈ ਸੀ। ਚਾਹਲ ਨੇ 4 ਓਵਰਾਂ ’ਚ 18 ਦੌੜਾਂ ਦੇ ਕੇ 2 ਜਦਕਿ ਸ਼ਾਹਬਾਜ਼ ਨੇ 2 ਓਵਰਾਂ ’ਚ 10 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਪਿਛਲੇ ਮੈਚ ’ਚ ਹੈਟ੍ਰਿਕ ਲੈਣ ਵਾਲਾ ਹਰਸ਼ਲ ਪਟੇਲ (34 ਦੌੜਾਂ ਦੇ ਕੇ 3) ਆਖਰੀ ਓਵਰ ’ਚ ਫਿਰ ਤੋਂ ਇਹ ਕਮਾਲ ਦਿਖਾਉਣ ਦੇ ਨੇੜੇ ਪਹੁੰਚਿਆ ਸੀ। ਆਰ. ਸੀ. ਬੀ. ਦੀ ਇਹ 11 ਮੈਚਾਂ ’ਚ 7ਵੀਂ ਜਿੱਤ ਹੈ, ਜਿਸ ਨਾਲ ਉਸ ਦੇ 14 ਅੰਕ ਹੋ ਗਏ ਹਨ। ਉਹ ਤੀਜੇ ਸਥਾਨ ’ਤੇ ਬਣਿਆ ਹੋਇਆ ਹੈ। ਰਾਇਲਜ਼ ਨੂੰ 11ਵੇਂ ਮੈਚ ’ਚ 7ਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 8 ਅੰਕ ਦੇ ਨਾਲ 7ਵੇਂ ਸਥਾਨ ’ਤੇ ਹੈ ਅਤੇ ਉਸ ਦੀ ਪਲੇਆਫ ’ਚ ਪਹੁੰਚਣ ਦੀ ਰਾਹ ਮੁਸ਼ਕਿਲ ਹੋ ਗਈ ਹੈ। ਕਪਤਾਨ ਵਿਰਾਟ ਕੋਹਲੀ ਅਤੇ ਦੇਵਦੱਤ ਪੱਡੀਕਲ ਨੇ ਸ਼ੁਰੂ ’ਚ ਚੌਕਿਆਂ ਦੀ ਝੜੀ ਲਗਾ ਦਿੱਤੀ ਪਰ ਇਹ ਦੋਨੋਂ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ’ਚ ਨਹੀਂ ਬਦਲ ਸਕੇ। ਕੋਹਲੀ ਨੇ ਆਪਣੇ ਚਾਰੇ ਚੌਕੇ ਪਹਿਲੇ 2 ਓਵਰਾਂ ’ਚ ਹੀ ਲਗਾ ਦਿੱਤੇ ਸਨ। ਉਹ 7ਵੇਂ ਓਵਰ ’ਚ ਰਨ ਆਊਟ ਹੋ ਕੇ ਪਵੇਲੀਅਨ ਪਰਤਿਆ ਪਰ ਆਖਰੀ 10 ਗੇਂਦਾਂ ’ਤੇ ਸਿਰਫ 7 ਦੌੜਾਂ ਹੀ ਬਣਾ ਸਕਿਆ। ਪੱਡੀਕਲ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਸੀ। ਉਹ ਜੀਵਨਦਾਨ ਦਾ ਫਾਇਦਾ ਨਹੀਂ ਉਠਾ ਸਕਿਆ।
ਮੁਸਤਾਫਿਜ਼ੁਰ ਰਹਿਮਾਨ ਨੇ ਉਸ ਨੂੰ ਬੋਲਡ ਕੀਤਾ। ਟੀਚਾ ਛੋਟਾ ਸੀ, ਇਸ ਲਈ ਭਰਤ ਤੇ ਮੈਕਸਵੈੱਲ ਨੇ ਹੌਸਲੇ ਨਾਲ ਬੱਲੇਬਾਜ਼ੀ ਕੀਤੀ। ਭਰਤ ਨੇ 13ਵੇਂ ਓਵਰ ’ਚ ਕ੍ਰਿਸ ਮੌਰਿਸ ’ਤੇ ਡੀਪ ਸਕੁਆਇਰ ਲੈੱਗ ’ਤੇ ਪਾਰੀ ਦਾ ਪਹਿਲਾ ਛੱਕਾ ਲਗਾ ਕੇ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ ਪਰ ਉਹ ਅਰਧ-ਸੈਂਕੜਾ ਪੂਰਾ ਨਾ ਕਰ ਸਕਿਆ ਅਤੇ ਫਾਈਨ ਲੈੱਗ ’ਤੇ ਆਸਾਨ ਕੈਚ ਦੇ ਕੇ ਪਵੇਲੀਅਨ ਪਰਤਿਆ। ਮੈਕਸਵੈੱਲ ਨੇ ਮੌਰਿਸ ’ਤੇ ਪਹਿਲਾ ਛੱਕਾ ਅਤੇ ਫਿਰ 3 ਚੌਕੇ ਲਗਾ ਕੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ ਜਦਕਿ ਏ. ਬੀ. ਡਿਵੀਲੀਅਰਸ ਨੇ ਜੇਤੂ ਚੌਕਾ ਲਾਇਆ। ਮੌਰਿਸ ਮਹਿੰਗਾ ਸਾਬਿਤ ਹੋਇਆ। ਉਸ ਨੇ 4 ਓਵਰਾਂ ’ਚ 50 ਦੌੜਾਂ ਦਿੱਤੀਆਂ।
ਰਾਜਸਥਾਨ ਰਾਇਲਜ਼ : ਏਵਿਨ ਲੁਈਸ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ ਤੇ ਕਪਤਾਨ), ਲੀਆਮ ਲਿਵਿੰਗਸਟੋਨ, ਮਹੀਪਾਲ ਲੋਮਰੋਰ, ਰੀਆਨ ਪਰਾਗ, ਰਾਹੁਲ ਤੇਵਤੀਆ, ਕ੍ਰਿਸ ਮੌਰਿਸ/ਤਬਰੇਜ਼ ਸ਼ਮਸੀ, ਚੇਤਨ ਸਕਾਰੀਆ, ਜੈਦੇਵ ਉਨਾਦਕਟ/ ਸ਼ੇਅਸ ਗੋਪਾਲ, ਮੁਸਤਫਿਜ਼ੁਰ ਰਹਿਮਾਨ।
ਰਾਇਲ ਚੈਲੰਜਰਜ਼ ਬੈਂਗਲੁਰੂ : ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਸ਼੍ਰੀਕਰ ਭਾਰਤ (ਵਿਕਟਕੀਪਰ), ਗਲੇਨ ਮੈਕਸਵੇਲ, ਏਬੀ ਡਿਵਿਲੀਅਰਸ, ਸ਼ਾਹਬਾਜ਼ ਅਹਿਮਦ, ਡੈਨੀਅਲ ਕ੍ਰਿਸ਼ਚੀਅਨ, ਕਾਈਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਾਹਲ।