ਆਈ. ਪੀ. ਐੱਲ. ਸੂਚੀ ਵਿਚ ਚੋਟੀ ‘ਤੇ ਚੱਲ ਰਹੀ ਚੇਨਈ ਸੁਪਰ ਕਿੰਗਜ਼ ਨੇ ਪਲੇਅ ਆਫ ਵਿਚ ਜਗ੍ਹਾ ਬਣਾ ਲਈ ਹੈ। ਚੇਨਈ ਨੇ ਪਲੇਅ ਆਫ ਦੀ ਹੋੜ ਤੋਂ ਬਾਹਰ ਹੋ ਚੁੱਕੀ ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੀਰਵਾਰ ਨੂੰ ਆਈ. ਪੀ. ਐੱਲ. ਮੁਕਾਬਲੇ ‘ਚ 6 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਦਾ ਟਿਕਟ ਹਾਸਲ ਕੀਤਾ। ਚੇਨਈ ਨੇ ਹੈਦਰਾਬਾਦ ਨੂੰ 20 ਓਵਰਾਂ ਵਿਚ 7 ਵਿਕਟਾਂ ‘ਤੇ 134 ਦੌੜਾਂ ‘ਤੇ ਰੋਕਿਆ ਤੇ 19.4 ਓਵਰ ‘ਚ ਚਾਰ ਵਿਕਟਾਂ ‘ਤੇ 139 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਅਤੇ ਪਲੇਅ ਆਫ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਜੇਤੂ ਛੱਕਾ ਲਗਾਇਆ ਤੇ ਟੀਮ ਨੂੰ 11 ਮੈਚਾਂ ਵਿਚ 9ਵੀਂ ਜਿੱਤ ਦਿਵਾਈ। ਚੇਨਈ ਦੇ ਲਈ ਉਸਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਚਾਰ ਓਵਰ ‘ਚ 24 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਆਲਰਾਊਂਡਰ ਡ੍ਰਵੇਨ ਬ੍ਰਾਵੋ ਨੇ ਚਾਰ ਓਵਰ ‘ਚ ਸਿਰਫ 17 ਦੌੜਾਂ ‘ਤੇ 2 ਵਿਕਟਾਂ ਹਾਸਲ ਕੀਤੀਆਂ। ਸ਼ਾਰਦੁਲ ਠਾਕੁਰ ਨੇ ਚਾਰ ਓਵਰਾਂ ਵਿਚ 27 ਦੌੜਾਂ ‘ਤੇ ਇਕ ਵਿਕਟ ਅਤੇ ਰਵਿੰਦਰ ਜਡੇਜਾ ਨੇ ਤਿੰਨ ਓਵਰ ਵਿਚ ਸਿਰਫ 14 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ।
ਹੈਦਰਾਬਾ ਵਲੋਂ ਸਲਾਮੀ ਬੱਲੇਬਾਜ਼ ਤੇ ਵਿਕਟਕੀਪਰ ਰਿਧੀਮਾਨ ਸਾਹਾ ਨੇ 46 ਗੇਂਦਾਂ ‘ਤੇ ਇਕ ਚੌਕੇ ਤੇ 2 ਛੱਕੇ ਦੀ ਮਦਦ ਨਾਲ 44 ਦੌੜਾਂ ਦੀ ਪਾਰੀ ਖੇਡੀ। ਅਭਿਸ਼ੇਕ ਨੇ 13 ਗੇਂਦਾਂ ‘ਤੇ ਇਕ ਚੌਕਾ ਤੇ ਇਕ ਛੱਕਾ ਲਗਾਇਆ ਜਦਕਿ ਸਮਦ ਨੇ 14 ਗੇਂਦਾਂ ‘ਚ ਇਕ ਚੌਕਾ ਅਤੇ ਇਕ ਛੱਕਾ ਲਗਾਇਆ। ਅਫਗਾਨੀ ਖਿਡਾਰੀ ਰਾਸ਼ਿਦ ਖਾਨ ਨੇ 13 ਗੇਂਦਾਂ ‘ਤੇ 2 ਚੌਕਿਆਂ ਦੀ ਮਦਦ ਨਾਲ ਅਜੇਤੂ 17 ਦੌੜਾਂ ਬਣਾਈਆਂ। ਹੈਦਰਾਬਾਦ ਦੇ ਕਪਤਾਨ ਕੇਨ ਵਿਲੀਅਮਸਨ ਨੇ 11 ਗੇਂਦਾਂ ‘ਤੇ 2 ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾਈਆਂ। ਓਪਨਰ ਜੈਸਨ ਰਾਏ 7 ਗੇਂਦਾਂ ‘ਚ 2 ਦੌੜਾਂ ਬਣਾ ਕੇ ਹੇਜ਼ਲਵੁੱਢ ਦਾ ਸ਼ਿਕਾਰ ਬਣੇ।
ਸਨਰਾਈਜ਼ਰਜ਼ ਹੈਦਰਾਬਾਦ : ਜੇਸਨ ਰਾਏ, ਰਿਧੀਮਾਨ ਸਾਹਾ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਪ੍ਰਿਯਮ ਗਰਗ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਜੇਸਨ ਹੋਲਡਰ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਸਿਧਾਰਥ ਕੌਲ, ਸੰਦੀਪ ਸ਼ਰਮਾ
ਚੇਨਈ ਸੁਪਰ ਕਿੰਗਜ਼ : ਰੁਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ.ਐੱਸ. ਧੋਨੀ (ਕਪਤਾਨ ਤੇ ਵਿਕਟਕੀਪਰ), ਸੈਮ ਕੁਰਾਨ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ