ਨਿਊਜ਼ੀਲੈਂਡ `ਚ ਨਵੀਂ ਇਮੀਗਰੇਸ਼ਨ ਪਾਲਿਸੀ ਤੋਂ ਸੈਂਕੜੇ ਪੰਜਾਬੀ ਮਾਈਗਰੈਂਟ ਬਹੁਤ ਨਿਰਾਸ਼ ਹਨ, ਜਿਨ੍ਹਾਂ ਨੇ ਕਈ ਸਾਲ ਪਹਿਲਾਂ ਸਟੱਡੀ ਕਰਨ ਪਿੱਛੋਂ ਵਰਕ ਵੀਜ਼ੇ ਹਾਸਲ ਕੀਤੇ ਸਨ। ਪਰ ਮਜਬੂਰੀ `ਚ ਕਈ ਅਰਲੀ ਚਾਈਲਡਹੁੱਡ ਦੀ ਪੜ੍ਹਾਈ ਵਾਸਤੇ ਗਰੈਜੂਏਟ ਡਿਪਲੋਮਾ (ਲੈਵਲ-ਸੱਤ) ਅਤੇ ਕਈ ਹੈੱਲਥ ਕੇਅਰ ਸੈਕਟਰ `ਚ ਸਟੱਡੀ ਕਰਨ ਲੱਗ ਪਏ ਸਨ ਤਾਂ ਜੋ ਉਹ ਸਕਿਲਡ ਤੇ ਜਿਆਦਾ ਡਿਮਾਂਡ ਵਾਲੇ ਕੋਰਸ ਰਾਹੀਂ ਆਪਣੇ ਆਪ ਨੂੰ ਰੈਜੀਡੈਂਟ ਵੀਜ਼ੇ ਲਈ ਯੋਗ ਬਣਾ ਸਕਣ। ਪਰ ਹੁਣ ਨਵੀਂ ਇਮੀਗਰੇਸ਼ਨ ਪਾਲਿਸੀ `ਚੋਂ ਸਟੱਡੀ ਵੀਜ਼ੇ ਵਾਲਿਆਂ ਨੂੰ ਬਾਹਰ ਰੱਖੇ ਜਾਣ ਨਾਲ ਉਨ੍ਹਾਂ ਦੀਆਂ ਆਸਾਂ `ਤੇ ਪਾਣੀ ਫਿਰ ਗਿਆ ਹੈ। ਹਾਲਾਂਕਿ ਉਹ ਬਾਕੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਲਈ ਯੋਗ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹੇ ਹੀ ਪ੍ਰਭਾਵਿਤ ਮਾਈਗਰੈਂਟ ਵਰਕਰਾਂ ਨੇ ਇੱਕ ਚੇਂਜ ਡਾਟ ਉਆਰਜੀ `ਤੇ “ਐਕਸਪੈਂਡ ਈਲਿਜ਼ੀਬਿਲਟੀ ਫਾਰ ਦਾ 2021 ਵੰਨ-ਔਫ ਰੈਜੀਡੈਂਟ ਵੀਜ਼ਾ” ਨਾਂ ਦੀ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅਜਿਹੇ ਮਾਈਗਰੈਂਟਸ ਨੂੰ ਨਵੀਂ ਪਾਲਿਸੀ `ਚ ਸ਼ਾਮਲ ਕਰਨ ਲਈ ਅਵਾਜ਼ ਉਠਾਈ ਜਾ ਸਕੇ। ਇਸ ਪਟੀਸ਼ਨ `ਤੇ ਹੁਣ ਤੱਕ 2600 ਤੋਂ ਜਿਆਦਾ ਲੋਕ ਦਸਤਖ਼ਤ ਕਰ ਚੁੱਕੇ ਹਨ। ਨਵੀਂ ਪਾਲਿਸੀ ਤੋਂ ਵਾਂਝੇ ਰਹਿਣ ਵਾਲੇ ਜਿਆਦਾਤਰ ਮਾਈਗਰੈਂਟਸ 29 ਸਤੰਬਰ 2018 ਤੋਂ ਪਹਿਲਾਂ ਦੇ ਨਿਊਜ਼ੀਲੈਂਡ `ਚ ਰਹਿ ਰਹੇ ਹਨ ਪਰ ਦੂਜੀ ਵਾਰ ਜਾਂ ਤੀਜੀ ਵਾਰ ਸਟੱਡੀ ਲੈਣ ਕਰਕੇ ਪੰਜਿਹਾ ਲਾਭ ਨਹੀਂ ਹੈ ਸਕੇ।
ਇਨ੍ਹਾਂ `ਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਕਈ ਅਜਿਹੇ ਮੁੰਡੇ-ਕੁੜੀਆਂ ਵੀ ਹਨ, ਜਿਹੜੇ 7-8 ਸਾਲ ਪਹਿਲਾਂ ਬਿਜ਼ਨਸ ਜਾਂ ਆਈਟੀ ਦੀ ਪੜ੍ਹਾਈ ਕਰ ਚੁੱਕੇ ਹਨ। ਉਸ ਪਿੱਛੋਂ ਉਨ੍ਹਾਂ ਉਪਨ ਵਰਕ ਵੀਜ਼ਾ ਅਤੇ ਹੋਰ ਵਰਕ ਵੀਜ਼ਿਆਂ `ਤੇ ਕੰਮ ਕੀਤਾ। ਕਈ ਦੀਆਂ ਪਰਮਾਨੈਂਟ ਰੈਜੀਡੈਂਟ ਵਾਲੀਆਂ ਅਰਜ਼ੀਆਂ ਰੱਦ ਵੀ ਹੋਈਆਂ ਅਤੇ ਕਈਆਂ ਦੇ ਵੀਜ਼ੇ ਵਧਾਉਣ ਲਈ ਇੰਪਲੋਏਅਰਜ ਨੇ ਨਾਂਹ ਕਰ ਦਿੱਤੀ ਸੀ। ਜਿਸ ਕਰਕੇ ਉਨ੍ਹਾਂ ਨੇ ਮਜਬੂਰ ਹੋ ਕੇ ਅਰਲੀ ਚਾਈਲਡਹੁੱਡ ਅਤੇ ਹੈੱਲਥ ਕੇਅਰ ਸੈਕਟਰ `ਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਉਹ ਕੁੱਝ ਦਿਨ ਪਹਿਲਾਂ ਤੱਕ ਲਾਗੂ ਰਹੇ ਪੁਰਾਣੇ ਨਿਯਮਾਂ ਦੇ ਹਿਸਾਬ ਨਾਲ ਯੋਗਤਾ ਬਣਾ ਕੇ ਪੀਆਰ ਲੈਣ ਦੇ ਯੋਗ ਹੋ ਸਕਣ। ਪਰ ਨਵੀਂ ਪਾਲਿਸੀ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਹੈ। ਕਈ ਪਰਿਵਾਰਾਂ ਦੇ ਤਾਂ ਦੋਵੇਂ ਜੀਅ ਹੀ ਸਟੱਡੀ ਵੀਜ਼ੇ `ਤੇ ਆ ਚੁੱਕੇ ਹਨ। ਜਸਵੀਰ ਕੌਰ ( ਕਾਲਪਨਿਕ ਨਾਂ) ਅਤੇ ਉਸਦੇ ਪਤੀ ਦੀ ਕਹਾਣੀ ਵੀ ਅਜਿਹੀ ਹੈ। ਉਹ ਪੰਜ ਕੁ ਸਾਲ ਪਹਿਲਾਂ ਬਿਜ਼ਨਸ ਦੀ ਪੜ੍ਹਾਈ ਕਰਨ ਆਈ ਸੀ।
ਉਸ ਪਿੱਛੋਂ ਉਸਨੇ ਉਪਨ ਵਰਕ ਵੀਜ਼ਾ ਅਤੇ ਪੋਸਟ ਸਟੱਡੀ ਵਰਕ ਵੀਜ਼ਾ ਹਾਸਲ ਕੀਤਾ। ਅਖੀਰ ਪੀਆਰ ਨਾ ਹੁੰਦੀ ਵੇਖ ਕੇ ਉਸਨੇ ਅਰਲੀ ਚਾਈਲਡਹੁੱਡ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸਦੇ ਪਤੀ ਨੇ ਵੀ ਇਕ ਹੋਰ ਕੋਰਸ `ਚ ਦਾਖਲਾ ਲੈ ਲਿਆ। ਹੁਣ ਦੋਵੇਂ ਜੀਅ ਪਛਤਾ ਰਹੇ ਹਨ ਕਿ ਜੇ ਦੋਹਾਂ `ਚੋ ਇਕ ਜਣਾ ਵਰਕ ਪਰਮਿਟ `ਤੇ ਰਹਿੰਦਾ ਤਾਂ ਸ਼ਾਇਦ ਉਹ ਵੀ ਨਵੀਂ ਪਾਲਿਸੀ ਤਹਿਤ ਰੈਜੀਡੈਂਟ ਵੀਜ਼ਾ ਪਾਉਣ ਦੇ ਕਾਬਲ ਹੋ ਜਾਂਦੇ।
ਇਸ ਤਰ੍ਹਾਂ ਸਾਲ 2016 `ਚ ਨਿਊਜ਼ੀਲੈਂਡ ਆਈ ਰਵਨੀਤ ਕੌਰ ਦੀ ਕਹਾਣੀ ਵੀ ਇਹੋ ਜਿਹੀ ਹੈ। ਉਸਨੇ ਬਿਜ਼ਨਸ ਦੀ ਪੜ੍ਹਾਈ ਕੀਤੀ। ਉਪਨ ਵਰਕ ਵੀਜ਼ਾ ਮਿਲਿਆ ਅਤੇ ਬਾਅਦ `ਚ ਇਕ ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਿਆ। ਫਿਰ 2018 `ਚ ਇੰਪਲੋਏਅਰ ਅਸਿਸਟਡ ਵੀਜ਼ਾ ਲਿਆ। ਪਰ ਉਸ ਅਧਾਰ `ਤੇ ਪੀਆਰ ਨਾ ਹੋ ਸਕੀ। ਮਜਬੂਰ ਹੋ ਕੇ ਪਿਛਲੇ ਸਾਲ ਤੋਂ ਅਰਲੀ ਚਾਈਲਡਹੁੱਡ ਦੀ ਸਟੱਡੀ ਲੈ ਲਈ। ਹੁਣ ਉਹ ਵੀ ਪਛਤਾ ਰਹੀ ਹੈ ਕਿਉਂਕਿ ਦੂਹਰਾ ਨੁਕਸਾਨ ਹੋ ਗਿਆ ਹੈ। ਇਕ ਤਾਂ 30 ਹਜ਼ਾਰ ਡਾਲਰ ਭਰ ਕੇ ਸਟੱਡੀ ਵੀਜ਼ਾ ਲਿਆ ਅਤੇ ਦੂਜਾ ਉਹ ਸਟੱਡੀ ਵੀਜ਼ੇ `ਤੇ ਹੋਣ ਕਰਕੇ ਨਵੀਂ ਪਾਲਿਸੀ ਲਾਭ ਤੋਂ ਵਾਂਝੀ ਰਹਿ ਗਈ। ਹਾਲਾਂਕਿ ਉਹ ਬਾਕੀ ਸਾਰੀਆਂ ਸ਼ਰਤਾਂ ਪੂਰੀ ਕਰ ਰਹੀ ਹੈ।
courtesy-punjabi kangaroo