‘ਕੋਰਡੇਲੀਆ ਕਰੂਜ਼’ ਡਰੱਗਜ਼ ਪਾਰਟੀ ਮਾਮਲੇ ‘ਚ ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਸਮੇਤ ਸਾਰੇ 8 ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ’ ਚ ਭੇਜ ਦਿੱਤਾ ਹੈ। ਐਨਸੀਬੀ ਨੇ ਸੁਣਵਾਈ ਦੌਰਾਨ 11 ਅਕਤੂਬਰ ਤੱਕ ਸਾਰੇ ਮੁਲਜ਼ਮਾਂ ਦੀ ਹਿਰਾਸਤ ਮੰਗੀ ਸੀ, ਪਰ ਅਦਾਲਤ ਨੇ ਹਿਰਾਸਤ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਫੈਸਲੇ ਤੋਂ ਬਾਅਦ ਆਰੀਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਜ਼ਮਾਨਤ ‘ਤੇ ਵੀ ਸੁਣਵਾਈ ਕੀਤੀ ਜਾਵੇ, ਇਸ ਦਾ ਏਐਸਜੀ (ASG) ਅਨਿਲ ਸਿੰਘ ਨੇ ਵਿਰੋਧ ਕੀਤਾ। ਅਦਾਲਤ ਨੇ ਵੀ ਅੱਜ ਜ਼ਮਾਨਤ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਜ਼ਮਾਨਤ ਦੀ ਸੁਣਵਾਈ ਸ਼ੁੱਕਰਵਾਰ ਸਵੇਰੇ 11 ਵਜੇ ਹੋਵੇਗੀ।
ਸੁਣਵਾਈ ਦੌਰਾਨ ਆਰੀਅਨ ਦੇ ਵਕੀਲ ਸਤੀਸ਼ ਮਨਸ਼ਿੰਦੇ ਨੇ ਅਦਾਲਤ ਨੂੰ ਦੱਸਿਆ ਕਿ ਆਰੀਅਨ ਤੋਂ 2 ਰਾਤਾਂ ਤੱਕ ਪੁੱਛਗਿੱਛ ਨਹੀਂ ਕੀਤੀ ਗਈ ਸੀ, ਫਿਰ ਐਨਸੀਬੀ ਆਰੀਅਨ ਦੀ ਹਿਰਾਸਤ ਕਿਉਂ ਮੰਗ ਰਹੀ ਹੈ। ਮਨਸ਼ਿੰਦੇ ਨੇ ਕਿਹਾ ਕਿ ਐਨਸੀਬੀ ਵਾਰ-ਵਾਰ ਕਹਿ ਰਹੀ ਹੈ ਕਿ ਉਹ ਮੁੱਖ ਦੋਸ਼ੀ ਤੱਕ ਪਹੁੰਚਣਾ ਚਾਹੁੰਦੀ ਹੈ, ਪਰ ਉਦੋਂ ਤੱਕ ਆਰੀਅਨ ਨੂੰ ਬੰਧਕ ਨਹੀਂ ਰੱਖਿਆ ਜਾ ਸਕਦਾ।
ਸਭ ਤੋਂ ਪਹਿਲਾਂ ਮੁਲਜ਼ਮ ਅਚਿਤ ਕੁਮਾਰ ਦੇ ਕੇਸ ਦੀ ਸੁਣਵਾਈ ਹੋਈ। ਉਸ ਨੂੰ 9 ਅਕਤੂਬਰ ਤੱਕ ਐਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਚਿਤ ਨੂੰ ਆਰੀਅਨ ਦੇ ਬਿਆਨ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਸੀ।