ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਲਖੀਮਪੁਰ ਖੀਰੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਗਏ ਹਨ। ਪੁਲਿਸ ਨੇ ਅਸ਼ੀਸ਼ ਮਿਸ਼ਰਾ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਸੀ।ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਵੱਲੋਂ ਦਿੱਤੀ ਗਈ ਸਵੇਰੇ 11 ਵਜੇ ਦੀ ਡੈੱਡਲਾਈਨ ਤੋਂ ਕਰੀਬ 22 ਮਿੰਟ ਪਹਿਲਾਂ ਸਵੇਰੇ 10.38 ਵਜੇ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚੇ ਹਨ। ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਟੀਮ ਪਹਿਲਾਂ ਹੀ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਚੁੱਕੀ ਸੀ। ਜਾਂਚ ਟੀਮ ਦੇ ਸਾਹਮਣੇ ਆਸ਼ੀਸ਼ ਦੀ ਪੇਸ਼ੀ ਲਈ ਪੁਲਿਸ ਲਾਈਨ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰ ਜਗ੍ਹਾ ਬੈਰੀਕੇਡ ਲਗਾਏ ਗਏ ਹਨ। ਹਰ ਜਗ੍ਹਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਆਸ਼ੀਸ਼ ਮਿਸ਼ਰਾ ਦੇ ਹੁਣ ਤਕ ਗ੍ਰਿਫ਼ਤਾਰ ਨਾ ਹੋਣ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਯੂਪੀ ਸਰਕਾਰ ਨੂੰ ਖੂਬ ਝਾੜ ਪਾਈ। ਕੋਰਟ ਨੇ ਪੁੱਛਿਆ ਕਿ ਜੇਕਰ ਮੁਲਜ਼ਮ ਕੋਈ ਆਮ ਵਿਅਕਤੀ ਹੁੰਦਾ ਤਾਂ ਤੀ ਉਸ ਪ੍ਰਤੀ ਵੀ ਪੁਲਿਸ ਦਾ ਇਹੀ ਰਵੱਈਆ ਹੁੰਦਾ? ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਪੁਲਿਸ ਨੂੰ ਤੇਜ਼ ਕਾਰਵਾਈ ਦਾ ਹੁਕਮ ਦਿੰਦਿਆਂ ਇਹ ਸੰਕੇਤ ਵੀ ਦਿੱਤੇ ਕਿ ਜਾਂਚ ਕਿਸੇ ਹੋਰ ਸੰਸਥਾ ਨੂੰ ਸੌਂਪੀ ਜਾ ਸਕਦੀ ਹੈ।