ਗਿੰਨੀਜ਼ ਵਰਲਡ ਰਿਕਾਰਡਸ ਦੇ ਅਨੁਸਾਰ, ਯੂਕੇ ਦਾ ਇੱਕ ਨੌਜਵਾਨ ਟ੍ਰੈਵਿਸ ਲੁਡਲੋ ਦੁਨੀਆ ਭਰ ਵਿੱਚ ਇਕੱਲਾ ਉਡਾਣ ਭਰਨ ਵਾਲਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਹੈ। ਟ੍ਰੈਵਿਸ ਸਿਰਫ 18 ਸਾਲ ਅਤੇ 150 ਦਿਨਾਂ ਦਾ ਸੀ ਜਦੋਂ ਉਹ ਨੀਦਰਲੈਂਡ ਦੇ ਤੇਊਜ਼ ਵਿੱਚ ਉਤਰਿਆ ਅਤੇ ਆਪਣੀ 24,900 ਮੀਲ ਦੀ ਯਾਤਰਾ ਨੂੰ ਸਮਾਪਿਤ ਕੀਤਾ। ਟ੍ਰੈਵਿਸ ਲੁਡਲੋ ਨੇ 14 ਸਾਲ ਦੀ ਉਮਰ ਵਿੱਚ ਯੂਕੇ ਦਾ ਸਭ ਤੋਂ ਛੋਟੀ ਉਮਰ ਦਾ ਗਲਾਈਡਰ ਪਾਇਲਟ ਬਣਿਆ ਸੀ। 16 ਸਾਲ ਦੀ ਉਮਰ ਵਿੱਚ, ਟ੍ਰੈਵਿਸ ਨੇ ਪ੍ਰਾਈਵੇਟ ਪਾਇਲਟ ਦੀ ਲਾਇਸੈਂਸ ਦੀ ਪ੍ਰੀਖਿਆ ਪਾਸ ਕੀਤੀ ਸੀ, ਹਾਲਾਂਕਿ ਉਸਨੂੰ ਆਪਣਾ ਅਸਲ ਲਾਇਸੈਂਸ ਪ੍ਰਾਪਤ ਕਰਨ ਲਈ ਕੁੱਝ ਮਹੀਨਿਆਂ ਦੀ ਉਡੀਕ ਕਰਨੀ ਪਈ ਸੀ।
ਗਿੰਨੀਜ਼ ਵਰਲਡ ਰਿਕਾਰਡਜ਼ ਨੇ ਕਿਹਾ, “ਉਸ ਦੀ ਯਾਤਰਾ ਆਮ ਯਾਤਰਾ ਨਾਲੋਂ ਵੱਖਰੀ ਸੀ, ਛੋਟੇ, ਇੱਕ ਸਿੰਗਲ ਇੰਜਣ ਵਾਲਾ ਜਹਾਜ਼ ਚਲਾਉਣਾ। ਟ੍ਰੈਵਿਸ ਹਰ ਰੋਜ਼ ਅੱਠ ਘੰਟੇ ਤੱਕ ਉਡਾਣ ਭਰਦਾ ਸੀ, ਬਦਲਦੇ ਮੌਸਮ ਦੇ ਹਾਲਾਤਾਂ, ਇਕੱਲਤਾ ਅਤੇ ਥਕਾਵਟ ਨਾਲ ਲੜਦੇ ਹੋਏ।” ਟ੍ਰੈਵਿਸ ਨੇ 29 ਮਈ 2021 ਨੂੰ ਆਪਣੀ ਰਿਕਾਰਡ ਤੋੜ ਯਾਤਰਾ ਸ਼ੁਰੂ ਕੀਤੀ ਸੀ। ਨੀਦਰਲੈਂਡਜ਼ ਤੋਂ ਆਪਣੀ ਯਾਤਰਾ ਸ਼ੁਰੂ ਕਰਨ ਅਤੇ ਸਮਾਪਿਤ ਕਰਨ ਤੋਂ ਇਲਾਵਾ, ਟ੍ਰੈਵਿਸ ਪੋਲੈਂਡ, ਰੂਸ, ਅਮਰੀਕਾ, ਕੈਨੇਡਾ, ਗ੍ਰੀਨਲੈਂਡ, ਆਈਸਲੈਂਡ, ਯੂਕੇ, ਆਇਰਲੈਂਡ, ਸਪੇਨ, ਮੋਰੋਕੋ, ਫਰਾਂਸ ਅਤੇ ਬੈਲਜੀਅਮ ਸਮੇਤ 12 ਦੇਸ਼ਾਂ ਵਿੱਚ ਰੁਕੇ ਸਨ।