ਭੂਤਕਾਲ ਬੀਤ ਗਏ ਸਮੇਂ ਨੂੰ ਆਖਦੇ ਹਾਂ l ਵਰਤਮਾਨ ਹੁਣ ਚੱਲ ਰਹੇ ਸਮੇਂ ਨੂੰ ਆਖਦੇ ਹਾਂ ਅਤੇ ਭਵਿੱਖ ਆਉਣ ਵਾਲੇ ਸਮੇਂ ਨੂੰ ਆਖਦੇ ਹਾਂ l
ਕਿਸੇ ਵੀ ਵਿਅਕਤੀ ਦਾ ਵਰਤਮਾਨ ਉਸ ਦੇ ਬੀਤੇ ਸਮੇਂ ਤੇ ਨਿਰਭਰ ਕਰਦਾ ਹੈ lਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿੱਚ ਕੁੱਝ ਗੁਣ ਆਪਣੇ ਮਾਂ ਪਿਓ ਵਾਲੇ, ਕੁੱਝ ਨਾਨਕਿਆਂ ਜਾਂ ਦਾਦਕਿਆਂ ਵਾਲੇ ਆਪਣੇ ਆਪ ਆ ਜਾਂਦੇ ਹਨ l ਇਸ ਵਿੱਚ ਕੁੱਝ ਬਿਮਾਰੀਆਂ ਵੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਲਗਦੀਆਂ ਹਨ l ਪੈਦਾ ਹੋਣ ਤੋਂ ਬਾਦ ਬੱਚਾ ਜਿਸ ਤਰਾਂ ਦੇ ਮਹੌਲ ਵਿੱਚ ਰਹਿੰਦਾ ਹੈ ਉਸ ਦਾ ਉਸ ਉੱਪਰ ਅਸਰ ਪੈਂਦਾ ਹੈ l
ਸਕੂਲ ਜਾਂਦਾ ਹੈ ਤਾਂ ਜੋ ਪੜ੍ਹਦਾ ਹੈ ਉਸ ਦਾ ਅਸਰ ਪੈਂਦਾ ਹੈ, ਅਧਿਆਪਕਾਂ ਦਾ ਅਸਰ ਪੈਂਦਾ ਹੈ l ਉਸ ਨਾਲ ਕਿੱਥੇ ਕਿੱਥੇ ਬੇਇਨਸਾਫ਼ੀ ਹੋਈ ਉਸ ਦਾ ਅਸਰ ਪੈਂਦਾ ਹੈ l
ਪਰਿਵਾਰ ਦੇ ਵਿਚਾਰ ਕਿਸ ਤਰਾਂ ਦੇ ਸਨ ਉਸ ਦਾ ਅਸਰ, ਪਰਿਵਾਰ ਕਿਹੜੇ ਧਰਮ ਨੂੰ ਮੰਨਦਾ ਹੈ ਉਸ ਦਾ ਅਸਰ, ਉਸ ਧਰਮ ਵਿੱਚ ਕੀ ਸਿਖਾਇਆ ਜਾਂਦਾ ਹੈ ਅਤੇ ਉਹ ਖੁਦ ਉਸ ਬਾਰੇ ਕੀ ਸੋਚਦਾ ਹੈ, ਸਕੂਲ ਤੋਂ ਇਲਾਵਾ ਉਹ ਹੋਰ ਕੀ ਪੜ੍ਹਦਾ ਹੈ ਅਤੇ ਪਰਿਵਾਰ ਜਾਂ ਸਮਾਜ ਕਿਹੜੇ ਲੋਕਭਲਾਈ ਦੇ ਕੰਮ ਕਰਦਾ ਹੈ ? ਇਸ ਦਾ ਅਹਿਮ ਅਸਰ ਉਸ ਦੀ ਜਿੰਦਗੀ ਤੇ ਪੈਂਦਾ ਹੈ lਉਸ ਦਾ ਪਰਿਵਾਰ ਹੇਰਾ ਫੇਰੀ ਅਤੇ ਬੇਈਮਾਨੀ ਬਾਰੇ ਕਿਸ ਤਰਾਂ ਸੋਚਦਾ ਹੈ ? ਉਸ ਦਾ ਪਰਿਵਾਰ ਸਮਾਜਕ ਜਿੰਮੇਵਾਰੀ ਨੂੰ ਕਿਸ ਤਰਾਂ ਦੇਖਦਾ ਹੈ ? ਉਸ ਦਾ ਵੀ ਅਸਰ ਪੈਂਦਾ ਹੈ lਜਿਸ ਤਰਾਂ ਉਹ ਵੱਡਾ ਹੁੰਦਾ ਜਾਂਦਾ ਹੈ ਉਸੇ ਤਰਾਂ ਆਪਣੇ ਉਤੇ ਹੋਏ ਅਸਰ ਮੁਤਾਬਕ ਜਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਹੈ l
ਜਵਾਨ ਹੁੰਦਿਆਂ ਹੀ ਜੋ ਉਸ ਨੇ ਬਚਪਨ ਵਿੱਚ ਸਿੱਖਿਆ ਉਹ ਉਸ ਦਾ ਭੂਤਕਾਲ (Past) ਬਣ ਜਾਂਦਾ ਹੈ lਬਜ਼ੁਰਗ ਵਿਅਕਤੀ ਵਾਸਤੇ ਉਸ ਦਾ ਬਚਪਨ ਅਤੇ ਜਵਾਨੀ ਭੂਤਕਾਲ ਬਣ ਜਾਂਦਾ ਹੈ lਹੁਣ ਜਦੋਂ ਉਹ ਵਿਅਕਤੀ ਜਵਾਨੀ ਵੇਲੇ ਕੋਈ ਕੰਮ ਕਰਦਾ ਹੈ ਤਾਂ ਉਹ ਕਈਆਂ ਨੂੰ ਪਸੰਦ ਨਹੀਂ ਆਉਂਦਾ l ਕਈ ਗਾਲਾਂ ਕੱਢਕੇ, ਕਈ ਮੰਦਾ ਬੋਲਕੇ ਅਤੇ ਕਈ ਦਲੀਲਾਂ ਨਾਲ ਉਸ ਨੂੰ ਬਦਲਣਾ ਚਾਹੁੰਦੇ ਹਨ ਪਰ ਉਹ ਫਿਰ ਵੀ ਨਹੀਂ ਬਦਲਦਾ l ਕਈ ਵਾਰ ਲੜਾਈ ਝਗੜੇ ਦੀ ਨੌਬਤ ਆ ਜਾਂਦੀ ਹੈ lਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਵਿਅਕਤੀ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਬਹੁਤ ਕੁੱਝ ਸਿੱਖਿਆ ਅਤੇ ਜੋ ਕੁੱਝ ਉਹ ਕਰ ਰਿਹਾ ਇਹ ਉਸ ਦਾ ਹੀ ਨਤੀਜਾ ਹੈ l
ਉਸ ਨੂੰ ਕੁੱਝ ਘੰਟਿਆਂ ਜਾਂ ਦਿਨਾਂ ਵਿੱਚ ਬਦਲਿਆ ਨਹੀਂ ਜਾ ਸਕਦਾ lਉਹ ਆਪਣੇ ਆਪ ਨੂੰ ਤਾਂ ਹੀ ਬਦਲ ਸਕਦਾ ਹੈ ਜੇਕਰ ਉਹ ਖੁਦ ਬਦਲਣਾ ਚਾਹੇ l ਬਹੁਤ ਥੋੜ੍ਹੇ ਵਿਅਕਤੀ ਹੁੰਦੇ ਹਨ ਜੋ 25 ਜਾਂ 30 ਸਾਲ ਦੀ ਉਮਰ ਬਾਦ ਆਪਣੀ ਸੋਚਣੀ ਵਿੱਚ ਵੱਡਾ ਬਦਲਾਓ ਲਿਆ ਸਕਣ l ਜਿਹੜੇ ਬਦਲਾਓ ਲਿਆਉਂਦੇ ਹਨ ਉਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਉਹ ਲੋਕ ਹੁੰਦੇ ਹਨ ਜਿਹੜੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਹਨ ਜਾਂ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਜਾਂਦੀ ਹੈ l
ਭੂਤਕਾਲ ਸਿੱਖਣ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ l ਇਸ ਤੋਂ ਕੀਤੇ ਤਜਰਬੇ ਜਾਂ ਇਸ ਤੋਂ ਲਈ ਸਿੱਖਿਆ ਵਰਤਮਾਨ ਵੇਲੇ ਕੰਮ ਆਉਂਦੀ ਹੈ l ਜਿਸ ਦੇ ਅਧਾਰ ਤੇ ਅਸੀਂ ਵਰਤਮਾਨ ਵਿੱਚ ਕਾਮਯਾਬ ਹੁੰਦੇ ਹਾਂ lਕਈ ਵਿਅਕਤੀਆਂ ਨਾਲ ਭੂਤਕਾਲ ਵਿੱਚ ਬਹੁਤ ਬੇਇਨਸਾਫ਼ੀ ਹੋਈ ਹੁੰਦੀ ਹੈ ਅਤੇ ਉਹ ਸੰਘਰਸ਼ ਦਾ ਰਾਹ ਫੜ ਲੈਂਦੇ ਹਨ l ਉਹ ਸੰਘਰਸ਼ ਦਾ ਰਾਹ ਉਨ੍ਹਾਂ ਨੂੰ ਜਿੱਤ ਵੱਲ ਤੋਰਦਾ ਹੈ ਜਾਂ ਕਦੇ ਵੀ ਹਾਰ ਨਾ ਮੰਨਣ ਲਈ ਪ੍ਰੇਰਦਾ ਹੈ l ਇਸ ਨਾਲ ਉਨ੍ਹਾਂ ਦੀ ਕੁੱਝ ਕਰ ਸਕਣ ਦੀ ਸ਼ਕਤੀ (Will Power) ਵਧਦੀ ਹੈ l ਜਿਸ ਵਿਅਕਤੀ ਵਿੱਚ ਕੁੱਝ ਕਰ ਸਕਣ ਦੀ ਸ਼ਕਤੀ (Will Power) ਵਧਦੀ ਹੈ ਤਾਂ ਉਹ ਫਿਰ ਬਿਲਕੁਲ ਹਾਰ ਨਹੀਂ ਮੰਨਦਾ ਜਾਂ ਸਿੱਟਿਆਂ ਦੀ ਪ੍ਰਵਾਹ ਨਹੀਂ ਕਰਦਾ l
ਅਜਿਹਾ ਵਿਅਕਤੀ ਸਿਰਫ ਆਪਣੇ ਨਿਸ਼ਾਨੇ ਨੂੰ ਹੀ ਦੇਖਦਾ ਹੈ ਰਾਹ ਵਿੱਚ ਪਈਆਂ ਰੁਕਾਵਟਾਂ ਨੂੰ ਨਹੀਂ l ਰਾਹ ਵਿੱਚ ਆਈਆਂ ਰੁਕਾਵਟਾਂ ਉਸ ਨੂੰ ਵੱਧ ਮਜ਼ਬੂਤ ਕਰਦੀਆਂ ਹਨ ਕਿਉਂਕਿ ਉਸ ਨੂੰ ਪੱਥਰਾਂ ਵਿੱਚ ਵੀ ਚੱਲਣ ਦੀ ਆਦਤ ਪਈ ਹੁੰਦੀ ਹੈ l ਇਸ ਤਰਾਂ ਦੇ ਕਈ ਵਿਅਕਤੀਆਂ ਬਾਰੇ ਆਪਾਂ ਅਕਸਰ ਸੁਣਦੇ ਹਾਂ ਕਿ ਫਲਾਣਾ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੋਇਆ ਹੈ ? ਉਹ ਹਾਰ ਹੀ ਨਹੀਂ ਮੰਨਦਾ lਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਵਿਅਕਤੀ ਦੇ ਵਰਤਮਾਨ ਉੱਪਰ ਉਸ ਦੇ ਭੂਤਕਾਲ (Past) ਦਾ ਬਹੁਤ ਵੱਡਾ ਅਸਰ ਪੈਂਦਾ ਹੈ lਵਿਅਕਤੀ ਜੋ ਵਰਤਮਾਨ ਵਿੱਚ ਕਰਦਾ ਹੈ ਉਸ ਦਾ ਅਸਰ ਉਸ ਦੇ ਭਵਿੱਖ (ਆਉਣ ਵਾਲੇ ਸਮੇਂ) ਤੇ ਪੈਂਦਾ ਹੈ l ਜਿਸ ਤਰਾਂ ਜਿਹੜਾ ਵਿਅਕਤੀ ਸਹੀ ਜਾਂ ਗਲਤ ਫੈਸਲੇ ਜਵਾਨੀ ਵੇਲੇ ਲਵੇਗਾ ਉਸ ਦਾ ਅਸਰ ਉਸ ਦੇ ਭਵਿੱਖ ਤੇ ਪਵੇਗਾ l ਜਿਸ ਤਰਾਂ ਜਿਹੜੇ ਲੋਕ ਆਪਣਾ ਵਧੀਆ ਬੁਢਾਪਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਬੁਢਾਪਾ ਵਧੀਆ ਕਰਨ ਲਈ ਜਵਾਨੀ ਵਿੱਚ ਫੈਸਲੇ ਲੈਣੇ ਪੈਂਦੇ ਹਨ
lਅੱਜ ਕਿਸਾਨੀ ਸੰਘਰਸ਼ ਵਿੱਚ ਆਈਆਂ ਰੁਕਾਵਟਾਂ ਤੋਂ ਸਿੱਖ ਕੇ ਅੱਗੇ ਹੋਰ ਵੀ ਵੱਧ ਤਾਕਤ ਨਾਲ ਵਧਣ ਦੀ ਲੋੜ ਹੈ l ਰੁਕਾਵਟਾਂ ਹਰ ਸਫ਼ਰ ਵਿੱਚ ਆਉਂਦੀਆਂ ਹਨ l ਰਾਤ ਹਮੇਸ਼ਾਂ ਪੈਂਦੀ ਹੈ ਪਰ ਇਸ ਦੇ ਨਾਲ ਸਚਾਈ ਇਹ ਵੀ ਹੈ ਕਿ ਰਾਤ ਭਾਵੇਂ ਕਿੰਨੀ ਹਨੇਰੀ ਹੋਵੇ ਉਹ ਸਵੇਰਾ ਹੋਣੋਂ ਨਹੀਂ ਰੋਕ ਸਕਦੀ lਕਿਸ ਨੇ ਕੀ ਕੀਤਾ ਇਸ ਨੂੰ ਦੇਖਣ ਦੀ ਲੋੜ ਨਹੀਂ l ਅਸੀਂ ਕੀ ਨਹੀਂ ਕੀਤਾ ਉਹ ਦੇਖਣ ਦੀ ਲੋੜ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਸੁਧਾਰ ਕੇ ਵਧੀਆ ਬਣਾਉਣਾ ਹੈ l ਆਪਣੀਆਂ ਕਮੀਆਂ ਦੂਰ ਕਰਕੇ ਹੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਹਾਂ l ਅਸੀਂ ਪੱਥਰਾਂ ਨੂੰ ਨਹੀਂ ਕਹਿ ਸਕਦੇ ਕਿ ਉਹ ਸਾਨੂੰ ਰਾਹ ਦੇਣ l ਸਾਨੂੰ ਪੱਥਰਾਂ ਤੇ ਚੱਲਣ ਦੀ ਆਦਤ ਪਾਉਣੀ ਪਵੇਗੀ ਤਾਂ ਕਿ ਅਸੀਂ ਰੁਕਾਵਟਾਂ ਵਿੱਚ ਵੀ ਨਿਰਵਿਘਨ ਅੱਗੇ ਵਧੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡਜੱਦੀ ਪਿੰਡ ਖੁਰਦਪੁਰ (ਜਲੰਧਰ)006421392147