ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ੴ ਸਤਿਗੁਰ ਪ੍ਰਸਾਦਿ ॥
ਘਰ ਦਰ ਫਿਰਿ ਥਾਕੀ ਬਹੁਤੇਰੇ ॥ ਜਾਤਿ ਅਸੰਖ ਅੰਤ ਨਹੀ ਮੇਰੇ ॥ ਕੇਤੇ ਮਾਤ ਪਿਤਾ ਸੁਤ ਧੀਆ ॥ ਕੇਤੇ ਗੁਰ ਚੇਲੇ ਫੁਨਿ ਹੂਆ ॥ ਕਾਚੇ ਗੁਰ ਤੇ ਮੁਕਤਿ ਨ ਹੂਆ ॥ ਕੇਤੀ ਨਾਰਿ ਵਰੁ ਏਕੁ ਸਮਾਲਿ ॥ ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥ ਦਹ ਦਿਸ ਢੂਢਿ ਘਰੈ ਮਹਿ ਪਾਇਆ ॥ ਮੇਲੁ ਭਇਆ ਸਤਿਗੁਰੂ ਮਿਲਾਇਆ ॥੨੧॥ ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥ ਗੁਰਮੁਖਿ ਤੋਲਿ ਤੋੁਲਾਵੈ ਤੋਲੈ ॥ ਗੁਰਮੁਖਿ ਆਵੈ ਜਾਇ ਨਿਸੰਗੁ ॥ ਪਰਹਰਿ ਮੈਲੁ ਜਲਾਇ ਕਲੰਕੁ ॥ ਗੁਰਮੁਖਿ ਨਾਦ ਬੇਦ ਬੀਚਾਰੁ ॥ ਗੁਰਮੁਖਿ ਮਜਨੁ ਚਜੁ ਅਚਾਰੁ ॥ ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥ ਨਾਨਕ ਗੁਰਮੁਖਿ ਪਾਵੈ ਪਾਰੁ ॥੨੨॥
ਅਰਥ:- (ਹੇ ਪਾਂਡੇ! ਗੁਰੂ ਦੀ ਮਤਿ ਵਾਲਾ ਰਸਤਾ ਫੜਨ ਤੋਂ ਬਿਨਾ) ਜਿੰਦ ਕਈ ਜੂਨਾਂ ਵਿਚ ਭੌਂ ਭੌਂ ਕੇ ਖਪ ਲੱਥਦੀ ਹੈ, ਇਤਨੀਆਂ ਅਣ-ਗਿਣਤ ਜਾਤੀਆਂ ਵਿਚੋਂ ਲੰਘਦੀ ਹੈ ਜਿਨ੍ਹਾਂ ਦਾ ਅੰਤ ਨਹੀਂ ਪੈ ਸਕਦਾ। (ਇਹਨਾਂ ਬੇਅੰਤ ਜੂਨਾਂ ਵਿਚ ਭਟਕਦੀ ਜਿੰਦ ਦੇ) ਕਈ ਮਾਂ ਪਿਉ ਪੁੱਤਰ ਧੀਆਂ ਬਣਦੇ ਹਨ, ਕਈ ਗੁਰੂ ਬਣਦੇ ਹਨ, ਤੇ ਕਈ ਚੇਲੇ ਭੀ ਬਣਦੇ ਹਨ। ਇਹਨਾਂ ਜੂਨਾਂ ਤੋਂ ਤਦ ਤਕ ਖ਼ਲਾਸੀ ਨਹੀਂ ਹੁੰਦੀ ਜਦ ਤਕ ਕਿਸੇ ਕੱਚੇ ਗੁਰੂ ਦੀ ਸਰਨ ਲਈ ਹੋਈ ਹੈ। (ਹੇ ਪਾਂਡੇ! ਸਤਿਗੁਰੂ ਤੋਂ ਖੁੰਝੀਆਂ ਹੋਈਆਂ ਅਜੇਹੀਆਂ) ਕਈ ਜੀਵ-ਇਸਤ੍ਰੀਆਂ ਹਨ, ਖਸਮ-ਪ੍ਰਭੂ ਸਭ ਦੀ ਸੰਭਾਲ ਕਰਦਾ ਹੈ। ਜੋ ਜਿੰਦ ਗੁਰੂ ਦੇ ਸਨਮੁਖ ਰਹਿੰਦੀ ਹੈ, ਉਸ ਦਾ ਆਸਰਾ-ਪਰਨਾ ਗੋਪਾਲ-ਪ੍ਰਭੂ ਹੋ ਜਾਂਦਾ ਹੈ। (ਹੇ ਪਾਂਡੇ! ਸਿਰਫ਼ ਉਸ ਜਿੰਦ ਦਾ ਪ੍ਰਭੂ ਨਾਲ) ਮਿਲਾਪ ਹੁੰਦਾ ਹੈ ਜਿਸ ਨੂੰ ਸਤਿਗੁਰੂ ਮਿਲਾਂਦਾ ਹੈ, ਹੋਰ ਹਰ ਪਾਸੇ ਢੂੰਢ ਢੂੰਡ ਕੇ (ਗੁਰੂ ਦੀ ਕਿਰਪਾ ਨਾਲ) ਹਿਰਦੇ-ਘਰ ਵਿਚ ਹੀ ਗੋਪਾਲ-ਪ੍ਰਭੂ ਲੱਭ ਪੈਂਦਾ ਹੈ। 21। (ਹੇ ਪਾਂਡੇ! ਗੋਪਾਲ ਦਾ ਨਾਮ ਗੁਰੂ ਦੇ ਸਨਮੁਖ ਹੋਇਆਂ ਹੀ ਮਨ ਦੀ ਪੱਟੀ ਉਤੇ ਲਿਖਿਆ ਜਾ ਸਕਦਾ ਹੈ) ਗੁਰਮੁਖ ਹੀ (ਪ੍ਰਭੂ ਦੇ ਗੁਣ) ਗਾਉਂਦਾ ਹੈ, ਤੇ (ਪ੍ਰਭੂ ਦੀ ਸਿਫ਼ਤਿ) ਉਚਾਰਦਾ ਹੈ। ਗੁਰਮੁਖ ਹੀ (ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ) ਤੋਲਦਾ ਹੈ (ਤੇ ਹੋਰਨਾਂ ਨੂੰ) ਤੋਲਣ ਲਈ ਪ੍ਰੇਰਦਾ ਹੈ। ਗੁਰਮੁਖ ਹੀ (ਜਗਤ ਵਿਚ) ਬੰਧਨ-ਰਹਿਤ ਆਉਂਦਾ ਹੈ ਤੇ ਬੰਧਨ-ਰਹਿਤ ਹੀ ਇਥੋਂ ਜਾਂਦਾ ਹੈ (ਭਾਵ, ਨਾਹ ਹੀ ਕਿਸੇ ਕਰਮਾਂ ਦੇ ਫਲ ਭੋਗਣ ਆਉਂਦਾ ਹੈ ਤੇ ਨਾਹ ਹੀ ਇਥੋਂ ਕੋਈ ਮੰਦ ਕਰਮਾਂ ਦੇ ਬੰਧਨ ਸਹੇੜ ਕੇ ਲੈ ਜਾਂਦਾ ਹੈ), (ਕਿਉਂਕਿ ਗੁਰਮੁਖਿ ਮਨੁੱਖ ਮਨ ਦੀ) ਮੈਲ ਨੂੰ ਦੂਰ ਕਰ ਕੇ ਵਿਕਾਰ ਨੂੰ (ਆਪਣੇ ਅੰਦਰੋਂ) ਮੁਕਾ ਚੁਕਾ ਹੁੰਦਾ ਹੈ। (ਪ੍ਰਭੂ ਦੇ ਗੁਣਾਂ ਦੀ) ਵਿਚਾਰ ਗੁਰਮੁਖ ਵਾਸਤੇ ਰਾਗ ਤੇ ਵੇਦ ਹੈ, ਉੱਚਾ ਆਚਰਣ (ਬਨਾਣਾ) ਗੁਰਮੁਖ ਦਾ (ਤੀਰਥ-) ਇਸ਼ਨਾਨ ਹੈ। (ਸਤਿਗੁਰੂ ਦਾ) ਸ਼ਬਦ ਗੁਰਮੁਖ ਲਈ ਸ੍ਰੇਸ਼ਟ ਅੰਮ੍ਰਿਤ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ (ਭਾਵ, ਵਿਕਾਰਾਂ ਦੀਆਂ ਲਹਿਰਾਂ ਵਿਚੋਂ ਬਚ ਨਿਕਲਦਾ ਹੈ)। 22।