ਸਾਨੂੰ ਸਭ ਨੂੰ ਭਲੀ-ਭਾਂਤ ਪਤਾ ਹੈ ਕਿ ਕੋਵਿਡ-19 ਭਾਵ ਕਰੋਨਾ ਵਾਇਰਸ ਦੇ ਫ਼ੈਲਣ ਕਰਕੇ ਜਦੋਂ ਦੁਨੀਆਂ ਭਰ ਵਿੱਚ ਮੋਤਾਂ ਦੀ ਸੰਖਿਆ ਹਜ਼ਾਰਾਂ ਤੋਂ ਲੱਖਾਂ ‘ਚ ਤਬਦੀਲ ਹੋ ਗਈ ਸੀ ਤਾਂ ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਹਿੱਤ ਤਿੰਨ ਵੱਡੇ ਸੁਝਾਅ ਦੁਨੀਆਂ ਭਰ ਵਿੱਚ ਪ੍ਰਚਾਰੇ ਤੇ ਪੜ੍ਹਾਏ ਗਏ ਸਨ ਜਿਨ੍ਹਾ ਵਿੱਚੋਂ ਪਹਿਲਾ ਕੀਮਤੀ ਸੁਝਾਅ ਹੱਥਾਂ ਨੂੰ ਵਾਰ ਵਾਰ ਤੇ ਉਹ ਵੀ ਕਿਸੇ ਚੰਗੇ ਸਾਬਣ ਜਾਂ ਸੈਨੀਟਾਈਜ਼ਰ ਨਾਲ ਧੋਣ ਸਬੰਧੀ ਸੀ ਤੇ ਬਾਕੀ ਦੋ ਸੁਝਾਵਾਂ ਵਿੱਚ ਮਾਸਕ ਪਹਿਨਣਾ ਅਤੇ ਸੋਸ਼ਲ ਡਿਸਟੈਂਸਿੰਗ ਦੇ ਨੇਮ ਦੀ ਪਾਲਣਾ ਕਰਨਾ ਸੀ। ਪਰ ਮਹੱਤਵਪੂਰਨ ਤੱਥ ਇਹ ਹੈ ਕਿ ਸਾਬਣ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਨ ਦਾ ਹੋਕਾ ਤਾਂ ਸੰਨ 2008 ਤੋਂ ਦਿੱਤਾ ਜਾ ਰਿਹਾ ਸੀ ਪਰ ਦੁਨੀਆਂ ਦੇ ਅਧਿਕਤਰ ਮੁਲਕ ਤੇ ਬਾਸ਼ਿੰਦੇ ਇਸ ਮਹਾਂਮੰਤਰ ਪ੍ਰਤੀ ਅਵੇਸਲੇ ਹੋਏ ਬੈਠੇ ਸਨ।
ਸੰਨ 2008 ਤੱਕ ਇਹ ਦਿਨ ‘ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਫ਼ਾਰ ਹੈਂਡਵਾਸ਼ਿੰਗ ਡੇਅ’ ਸਿਰਲੇਖ ਹੇਠ ਮਨਾਇਆ ਜਾਂਦਾ ਰਿਹਾ ਸੀ। ਉਸ ਵੇਲੇ ‘ਗਲੋਬਲ ਹੈਂਡਵਾਸ਼ਿੰਗ ਪਾਰਟਨਰਸ਼ਿਪ’ ਨਾਮ ਦੀ ਇੱਕ ਕਮੇਟੀ ਵੀ ਬਣੀ ਹੋਈ ਸੀ ਜਿਸਦੇ ਪ੍ਰਮੁੱਖ ਮੈਂਬਰਾਂ ਵਿੱਚ ‘ਕੌਲਗੇਟ-ਪਾਲਮੋਲਿਵ,ਪ੍ਰੌਕਟਰ ਐਂਡ ਗੈਂਬਲ, ਯੂਨੀਲੀਵਰ, ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ, ਵਿਸ਼ਵ ਬੈਂਕ ’ ਅਤੇ ਕੁਝ ਹੋਰ ਮਹੱਤਵਪੂਰਨ ਅਦਾਰੇ ਵੀ ਸ਼ਾਮਿਲ ਸਨ। ਇਸ ਕਮੇਟੀ ਦੇ ਗਠਨ ਦਾ ਮੁੱਖ ਮਕਸਦ ਸਮਾਜ ਅੰਦਰ ਹੱਥ ਧੋਣ ਦੇ ਲਾਭਾਂ ਸਬੰਧੀ ਜਾਗਰੂਕਤਾ ਫ਼ੈਲਾਉਣਾ ਅਤੇ ਸਾਬਣ ਨਾਲ ਹੱਥਾਂ ਦੀ ਵਾਰ ਵਾਰ ਸਫ਼ਾਈ ਕਰਨ ਦਾ ਸੁਭਾਅ ਜਾਂ ਸੱਭਿਆਚਾਰ ਲੋਕਾਂ ਅੰਦਰ ਪੈਦਾ ਕਰਨਾ ਸੀ। ਬਾਅਦ ਵਿੱਚ ਇਹ ਦਿਨ ‘ਗਲੋਬਲ ਹੈਂਡਵਾਸ਼ਿੰਗ ਡੇਅ’ ਦੇ ਨਾਮ ਨਾਲ ਮਨਾਇਆ ਜਾਣ ਲੱਗ ਪਿਆ ਸੀ ਤੇ ਅੱਜ 200 ਮਿਲੀਅਨ ਲੋਕ ਦੁਨੀਆਂ ਭਰ ਵਿੱਚ ਇਸ ਦਿਵਸ ਨੂੰ ਮਨਾਉਂਦੇ ਹਨ। ਸੰਨ 2014 ਵਿੱਚ 15 ਅਕਤੂਬਰ ਦੇ ਦਿਨ ਮੱਧ ਪ੍ਰਦੇਸ਼ ਵਿਖੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ 12,76,425 ਬੱਚਿਆਂ ਨੇ ਇੱਕੋ ਵੇਲੇ ਸਾਬਣ ਨਾਲ ਹੱਥ ਧੋ ਕੇ ਵਿਸ਼ਵ ਰਿਕਾਰਡ ਬਣਾਇਆ ਸੀ ਜੋ ਕਿ ‘ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ’ ਵਿੱਚ ਦਰਜ ਕੀਤਾ ਗਿਆ ਸੀ। ਸਾਲ 2011 ਵਿੱਚ ਮਨਾਏ ਗਏ ਇਸ ਦਿਵਸ ਦਾ ਥੀਮ ਸੀ-‘ਹੱਥ ਧੋਵੋ ਤੇ ਜਾਨ ਬਚਾਓ ’ ਅਤੇ ਸਾਲ 2020 ਵਿੱਚ ਇਸ ਦਿਵਸ ਦਾ ਥੀਮ ਸੀ-‘ ਸਭ ਲਈ ਜ਼ਰੂਰੀ ਹੈ ਹੱਥਾਂ ਦੀ ਸਫ਼ਾਈ ’।
ਅਸਲ ਵਿੱਚ ਮੈਡੀਕਲ ਮਾਹਿਰਾਂ ਦਾ ਮੰਨਣਾ ਹੈ ਕਿ ਖਾਣ-ਪੀਣ ਤੋਂ ਪਹਿਲਾਂ ਜੇਕਰ ਅਸੀਂ ਕਿਸੇ ਵੀ ਸਾਬਣ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਹਾਂ ਤਾਂ ਅਸੀਂ ਸਾਹ ਪ੍ਰਣਾਲੀ ਨਾਲ ਸਬੰਧਿਤ ਬਿਮਾਰੀਆਂ ਨੂੰ 25 ਫ਼ੀਸਦੀ ਅਤੇ ਡਾਇਰੀਆ ਆਦਿ ਰੋਗਾਂ ਨੂੰ 50 ਫ਼ੀਸਦੀ ਤੱਕ ਰੋਕ ਸਕਦੇ ਹਾਂ। ਜ਼ਿਕਰਯੋਗ ਹੈ ਕਿ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ 18 ਲੱਖ ਬੱਚੇ ਸਾਹ ਸਬੰਧੀ ਰੋਗ ਨਿਮੋਨੀਆ ਕਰਕੇ ਜਾਨਾਂ ਗੁਆ ਬੈਠਦੇ ਹਨ ਜਦੋਂ ਕਿ ਨਿਮੋਨੀਆ ਅਤੇ ਡਾਇਰੀਆ ਕਾਰਨ ਸਾਂਝੇ ਤੌਰ ‘ਤੇ ਇਸ ਉਮਰ ਵਰਗ ਦੇ 35 ਲੱਖ ਬੱਚੇ ਮੌਤ ਦੇ ਮੂੰਹ ‘ਚ ਜਾ ਪੈਂਦੇ ਹਨ। ਸਿਹਤ ਮਾਹਿਰਾਂ ਦੀ ਰਾਇ ਹੈ ਕਿ ਸਾਬਣ ਨਾਲ ਹੱਥ ਧੋਣ ਕਰਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸਾਹ ਪ੍ਰਣਾਲੀ ਸਬੰਧੀ ਰੋਗਾਂ ਨੂੰ 21 ਫ਼ੀਸਦੀ ਅਤੇ ਡਾਇਰੀਆ ਨੂੰ 30 ਫ਼ੀਸਦੀ ਤੱਕ ਕਾਬੂ ‘ਚ ਕੀਤਾ ਜਾ ਸਕਦਾ ਹੈ। ਸੋ ਛੋਟੇ ਬੱਚਿਆਂ ਨੂੰ ਖ਼ਾਸ ਕਰਕੇ ਅਤੇ ਬਾਕੀ ਸਮੂਹ ਲੋਕਾਂ ਨੂੰ ਆਮ ਕਰਕੇ ਹੀ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋ ਕੇ ਸਾਫ਼ ਕਰਨਾ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਇਸ ਕੰਮ ‘ਤੇ ਖ਼ਰਚਾ ਘੱਟ ਆਉਂਦਾ ਹੈ ਪਰ ਅਜਿਹਾ ਨਾ ਕਰਨ ਕਰਕੇ ਹੋਣ ਵਾਲੇ ਰੋਗਾਂ ‘ਤੇ ਹੋਣ ਵਾਲੇ ਵੱਡੇ ਖ਼ਰਚਿਆਂ ਅਤੇ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਸਹਿਜ ਹੀ ਬਚਾਇਆ ਜਾ ਸਕਦਾ ਹੈ। ਕਰੋਨਾ ਸੰਕਟਕਾਲ ਵਿੱਚ ਵਾਰ ਵਾਰ ਸਾਬਣ ਨਾਲ ਹੱਥ ਧੋਣਾ ਵੱਡਾ ਜੀਵਨ ਰੱਖਿਅਕ ਸਾਧਨ ਹੈ।