ਕਾਬੁਲ ਵਿੱਚ 10 ਦਿਨਾਂ ਵਿੱਚ ਦੂਜੀ ਵਾਰ ਇੱਕ ਤਾਲਿਬਾਨ ਸੁਰੱਖਿਆ ਦਸਤਾ ਜ਼ਬਰਦਸਤੀ ਇੱਕ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਉਨ੍ਹਾਂ ਨੂੰ ਧਮਕਾਇਆ। ਤਾਲਿਬਾਨ ਨੇ ਕਥਿਤ ਤੌਰ ‘ਤੇ ਪਵਿੱਤਰ ਸਥਾਨ ਦੇ ਅੰਦਰ ਸਟਾਫ ਨੂੰ ਡਰਾਇਆ ਅਤੇ ਦੁਰਵਿਵਹਾਰ ਕੀਤਾ। ਇੰਡੀਆ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ – ਤਾਲਿਬਾਨ ਦੀ ਵਿਸ਼ੇਸ਼ ਯੂਨਿਟ ਦੇ ਕੁਝ ਭਾਰੀ ਹਥਿਆਰਾਂ ਨਾਲ ਲੈਸ ਲੋਕ ਸ਼ੁੱਕਰਵਾਰ ਨੂੰ ਕਾਬੁਲ ਦੇ ਗੁਰਦੁਆਰਾ ਦਸਮੇਸ਼ ਪਿਤਾ ਪਹੁੰਚੇ। ਉਨ੍ਹਾਂ ਨੇ ਇਥੇ ਮੌਜੂਦ ਲੋਕਾਂ ਨਾਲ ਬਦਸਲੂਕੀ ਕੀਤੀ। ਇਸ ਤੋਂ ਇਲਾਵਾ ਗੁਰਦੁਆਰੇ ਦੇ ਸੁਰੱਖਿਆ ਗਾਰਡਾਂ ਨਾਲ ਵੀ ਮਾਰਕੁੱਟ ਕੀਤੀ ਗਈ। ਉਨ੍ਹਾਂ ਕਿਹਾ, “ਤਾਲਿਬਾਨ ਨੇ ਨਾ ਸਿਰਫ ਗੁਰਦੁਆਰੇ ਦੀ ਛਾਪੇਮਾਰੀ ਕੀਤੀ ਬਲਕਿ ਗੁਰਦੁਆਰੇ ਦੇ ਨਾਲ ਲੱਗਦੇ ਕਮਿਊਨਿਟੀ ਸਕੂਲ ਦੇ ਪੂਰੇ ਵਿਹੜੇ’ ਦੀ ਵੀ ਤਲਾਸ਼ੀ ਲਈ।
ਭਾਈਚਾਰੇ ਦੇ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਗੁਰਦੁਆਰੇ ਦੇ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੇ ਪਹਿਲਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ, ਪਰ ਉਨ੍ਹਾਂ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਵੀ ਦਿੱਤੀ ਗਈ ਅਤੇ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਗਈ।ਉਨ੍ਹਾਂ ਨੇ ਗੁਰਦੁਆਰੇ ਦੇ ਨਾਲ ਲੱਗਦੇ ਸੰਸਦ ਮੈਂਬਰ ਨਰਿੰਦਰ ਸਿੰਘ ਖਾਲਸਾ ਦੀ ਪੁਰਾਣੀ ਰਿਹਾਇਸ਼ ਅਤੇ ਦਫਤਰ ‘ਤੇ ਵੀ ਛਾਪੇਮਾਰੀ ਕੀਤੀ । 15 ਅਗਸਤ ਨੂੰ ਕਾਬੁਲ ਉੱਤੇ ਕਬਜ਼ਾ ਹੋਣ ਤੋਂ ਬਾਅਦ ਨਰਿੰਦਰ ਪਰਿਵਾਰ ਦੇ ਨਾਲ ਭਾਰਤ ਆਏ ਸਨ। ਤਾਲਿਬਾਨ ਦੀ ਇਸ ਹਰਕਤ ‘ਤੇ ਸਿੱਖ ਭਾਈਚਾਰਾ ਚਿੰਤਾ ‘ਚ ਹੈ। ਉਨ੍ਹਾਂ ਦੇ ਨਾਲ ਕੁਝ ਹਿੰਦੂ ਭਾਈਚਾਰੇ ਦੇ ਲੋਕ ਵੀ ਮੌਜੂਦ ਸਨ। ਹੁਣ ਤੱਕ ਤਾਲਿਬਾਨ ਵੱਲੋਂ ਇਸ ਸਬੰਧ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ 10 ਦਿਨ ਪਹਿਲਾਂ ਵੀ ਤਾਲਿਬਾਨੀਆਂ ਵੱਲੋਂ 5 ਅਕਤੂਬਰ ਨੂੰ ਕਾਬੁਲ ਦੇ ਕਰਤੇ ਪਰਵਾਨ ਗੁਰਦੁਆਰੇ ਵਿੱਚ ਵੀ ਅਜਿਹੀ ਹਰਕਤ ਕੀਤੀ ਗਈ ਸੀ।