ਅਗਲੇ ਕੁਝ ਘੰਟਿਆਂ ਵਿੱਚ ਮੌਸਮ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਉੱਤਰ ਪ੍ਰਦੇਸ਼, ਦਿੱਲੀ, ਉੜੀਸਾ ਸਮੇਤ ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਸ਼ਨੀਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿੱਚ ਇਹ ਤਬਦੀਲੀ ਬੰਗਾਲ ਦੀ ਖਾੜੀ ਵਿੱਚ ਪੈਦਾ ਹੋਏ ਦਬਾਅ ਕਾਰਨ ਵੇਖੀ ਜਾ ਸਕਦੀ ਹੈ। ਮੀਂਹ ਤੋਂ ਬਾਅਦ ਦਿੱਲੀ-ਐੱਨਸੀਆਰ ਦਾ ਤਾਪਮਾਨ ਘੱਟ ਸਕਦਾ ਹੈ। ਇੱਕ ਤਰ੍ਹਾਂ ਨਾਲ, ਇਹ ਕਿਹਾ ਜਾ ਸਕਦਾ ਹੈ ਕਿ ਸਰਦੀਆਂ ਦਿੱਲੀ ਵਿੱਚ ਦਸਤਕ ਦੇ ਸਕਦੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ-NCR ਵਿੱਚ ਸਵੇਰੇ ਧੁੱਪ ਰਹੇਗੀ, ਜਦੋਂ ਕਿ ਦੁਪਹਿਰ ਵੇਲੇ ਅਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਇਸ ਦੌਰਾਨ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਦੀ ਸੰਭਾਵਨਾ ਹੈ। ਦਿੱਲੀ ਦਾ ਘੱਟੋ ਘੱਟ ਤਾਪਮਾਨ ਲਗਭਗ 20 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿ ਸਕਦਾ ਹੈ।
ਅਗਲੇ 24 ਘੰਟਿਆਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਮਿਜਾਜ਼ ਬਦਲਣ ਜਾ ਰਿਹਾ ਹੈ। ਰਾਜ ਦੇ ਪੰਜ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। 17 ਅਤੇ 18 ਅਕਤੂਬਰ ਨੂੰ ਰਾਜ ਦੇ ਉੱਚੇ ਹਿੱਸਿਆਂ ਵਿੱਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ, ਨਾਲ ਹੀ ਕਾਂਗੜਾ, ਮੰਡੀ, ਸੋਲਨ, ਸ਼ਿਮਲਾ ਅਤੇ ਸਿਰਮੌਰ ਵਿੱਚ ਭਾਰੀ ਬਾਰਿਸ਼ ਲਈ ਸੰਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਰਾਜ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ ਰਿਹਾ। ਇੱਥੇ ਬਰਫਬਾਰੀ ਨੂੰ ਲੈ ਕੇ ਸੈਲਾਨੀਆਂ ਵਿੱਚ ਉਤਸ਼ਾਹ ਦਾ ਮਾਹੌਲ ਹੈ। ਵੀਕਐਂਡ ਹੋਣ ਕਾਰਨ ਸੈਲਾਨੀਆਂ ਨੇ ਸ਼ਿਮਲਾ, ਕੁੱਲੂ, ਮਨਾਲੀ ਵਿੱਚ ਵੀ ਡੇਰਾ ਲਾਇਆ ਹੋਇਆ ਹੈ।