Home » ਇਕੋ ਹੁੱਨਰ ਜੋ ਕਾਰੋਬਾਰ ਨੂੰ ਸਿਖਰਾਂ ਤੇ ਲੈ ਜਾਂਦਾ ਹੈ….
Articules LIFE

ਇਕੋ ਹੁੱਨਰ ਜੋ ਕਾਰੋਬਾਰ ਨੂੰ ਸਿਖਰਾਂ ਤੇ ਲੈ ਜਾਂਦਾ ਹੈ….

-ਆਪਣੇ ਤਜਰਬੇ ਤੇ ਅਧਾਰਤ 
ਮੈਂ 17 ਕੁ ਸਾਲ ਦਾ ਹੀ ਸੀ ਜਦੋਂ ਪੰਜਾਬ ਵਿੱਚ ਆਪਣੀ ਪਹਿਲੀ ਕੰਪਨੀ ਖੋਲ੍ਹੀ l ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਕਾਰੋਬਾਰ ਕਰਨ ਲਈ ਵੱਧ ਪੈਸੇ, ਪੜ੍ਹਾਈ ਲਿਖਾਈ ਅਤੇ ਤਜਰਬੇ ਦੀ ਲੋੜ ਹੁੰਦੀ ਹੈ ਪਰ ਮੇਰੇ ਕੋਲ ਇਨ੍ਹਾਂ ਵਿੱਚੋਂ ਕੁੱਝ ਵੀ ਨਹੀਂ ਸੀ l ਮੈਂ ਤਾਂ ਦਫ਼ਤਰੀ ਬਾਬੂਆਂ ਦੀ ਕਰੋਪੀ ਅਤੇ ਰਿਸ਼ਵਤਖੋਰੀ ਦਾ ਮਾਰਿਆ ਕਾਰੋਬਾਰੀ ਬਣ ਗਿਆ ਸੀ l
ਭਾਰਤ ਵਿੱਚ ਚਾਰ ਥਾਵਾਂ ਤੇ ਨੌਕਰੀ ਨਾ ਮਿਲਣ ਦੀ ਵਜ੍ਹਾ ਨੇ ਮੈਨੂੰ ਆਪਣਾ ਕਾਰੋਬਾਰ ਕਰਨ ਤੇ ਮਜ਼ਬੂਰ ਕਰ ਦਿੱਤਾ ਸੀ l ਬੈਂਕ ਤੋਂ ਕਰਜ਼ਾ ਲੈ ਕੇ ਜਦ ਛਾਪੇਖਾਨੇ ਦਾ ਕੰਮ ਖੋਲ੍ਹਿਆ ਤਾਂ ਭਾਰਤੀ ਹਵਾਈ ਸੈਨਾ ਦੀ ਛਪਾਈ ਦਾ ਕੰਮ ਵੀ ਮੈਂ ਕਰਦਾ ਹੁੰਦਾ ਸੀ l ਸ਼ੁਰੂ ਦੇ ਦਿਨਾਂ ਵਿੱਚ ਕਈ ਅਫ਼ਸਰ ਮੈਨੂੰ ਇਸ ਕਰਕੇ ਕੰਮ ਨਹੀਂ ਦਿੰਦੇ ਸਨ ਕਿਉਂਕਿ ਮੇਰੀ ਉਮਰ ਘੱਟ ਹੋਣ ਕਰਕੇ ਉਨ੍ਹਾਂ ਨੂੰ ਲਗਦਾ ਸੀ ਕਿ ਮੇਰੇ ਕੋਲ ਤਜਰਬਾ ਨਹੀਂ ਹੈ l ਕੁੱਝ ਕੁ ਮਹੀਨਿਆਂ ਵਿੱਚ ਮੇਰਾ ਕੰਮ ਦੇਖ ਕੇ ਉਨ੍ਹਾਂ ਦੀ ਇਹ ਗਲਤ ਫਹਿਮੀ ਦੂਰ ਹੋ ਗਈ l ਮੈਂ ਸਾਬਤ ਕਰ ਦਿੱਤਾ ਕਿ ਵਧੀਆ ਕੰਮ ਕਰਨ ਲਈ ਬਹੁਤ ਸਾਲਾਂ ਦੇ ਤਜਰਬੇ ਦੀ ਲੋੜ ਨਹੀਂ ਹੁੰਦੀ l
ਕਾਰੋਬਾਰ ਸ਼ੁਰੂ ਕਰਨ ਤੋਂ ਸਿਰਫ ਤਿੰਨ ਮਹੀਨਿਆਂ ਬਾਦ ਮੈਨੂੰ 24 ਘੰਟੇ ਦੁਕਾਨ ਖੁੱਲ੍ਹੀ ਰੱਖਣੀ ਪਈ ਕਿਉਂਕਿ ਗ੍ਰਾਹਕਾਂ ਦੀ ਹੁਣ ਕਮੀਂ ਨਹੀਂ ਰਹੀ ਸੀ l ਆਦਮਪੁਰ ਦੀ ਦੁਸਹਿਰਾ ਗਰਾਊਂਡ ਵਿੱਚ ਇੱਕ ਵਾਰ ਮੈਂ ਪੰਜ ਹਜ਼ਾਰ ਦੇ ਕਰੀਬ ਕਲੰਡਰ ਵੇਚਣ ਵਾਸਤੇ ਲੈ ਗਿਆ l ਕਲੰਡਰ ਏਨੇ ਪਸੰਦ ਕੀਤੇ ਗਏ ਕਿ ਸਾਰੇ ਤਿੰਨ ਕੁ ਘੰਟੇ ਵਿੱਚ ਵਿਕ ਗਏ l ਉਨ੍ਹਾਂ ਦਾ ਭਾਅ ਵੀ ਬਜ਼ਾਰ ਨਾਲੋਂ ਅੱਧਾ ਸੀ l ਉਨ੍ਹਾਂ ਕਲੰਡਰਾਂ ਦੇ ਥੱਲੇ ਮੇਰੀ ਪ੍ਰਿੰਟਿੰਗ ਕੰਪਨੀ ਦਾ ਨਾਮ ਸੀ ਜੋ ਕਿ ਸਾਰੇ ਪਿੰਡਾਂ ਵਿੱਚ ਚਲਾ ਗਿਆ l ਉਸ ਤੋਂ ਬਾਦ ਸਾਨੂੰ ਹਜ਼ਾਰਾਂ ਆਰਡਰ ਹੋਰ ਆ ਗਏ l
ਨਿਊਜ਼ੀਲੈਂਡ ਆਇਆ ਤਾਂ ਇਥੇ ਮੈਂ ਕਈ ਕੰਪਨੀਆਂ ਵਿੱਚ ਮੈਨੇਜਮੈਂਟ ਦੇ ਰੋਲ ਕੀਤੇ ਅਤੇ ਇੱਕ ਕੰਪਨੀ ਨੂੰ ਔਕਲੈਂਡ ਦੀ ਕੀਵੀ ਫਰੂਟ ਦੀ ਸਭ ਤੋਂ ਵੱਡੀ ਕੰਪਨੀ ਬਣਾਇਆ l
ਜਦ ਆਪਣੀਆਂ ਕੰਪਨੀਆਂ ਦੀ ਨਿਊਜ਼ੀਲੈਂਡ ਵਿੱਚ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਵਿੱਚੋਂ ਇੱਕ ਕੰਪਨੀ ਔਕਲੈਂਡ ਦੀ ਸਭ ਤੋਂ ਵੱਡੀ ਸਰਵਿਸ ਪ੍ਰਵਾਈਡਿੰਗ ਕੰਪਨੀ ਬਣੀ ਅਤੇ ਦੋ ਕੰਪਨੀਆਂ ਰੈਸੀਡੇਂਸ਼ਲ ਪ੍ਰਾਪਰਟੀ ਇਨਵੈਸਟਮੈਂਟ ਦੇ ਖੇਤਰ ਵਿੱਚ ਨਿਊਜ਼ੀਲੈਂਡ ਦੀਆਂ ਵੱਡੀਆਂ ਕੰਪਨੀਆਂ ਵਿੱਚ ਸ਼ਾਮਿਲ ਹੋਈਆਂ l
35 ਸਾਲ ਦੀ ਉਮਰ ਵਿੱਚ ਮੈਂ ਫੈਸਲਾ ਕੀਤਾ ਕਿ ਮੈਂ ਹੁਣ ਕੰਮ ਦੇ ਪੈਸੇ ਨਹੀਂ ਲਿਆ ਕਰਾਂਗਾ l ਭਾਵ ਮੈਂ ਮੁਫ਼ਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਆਪਾਂ ਕਮਿਊਨਿਟੀ ਵਰਕ ਵੀ ਕਹਿੰਦੇ ਹਾਂ l
ਇਸ ਕਮਿਊਨਿਟੀ ਵਰਕ ਵਿੱਚ ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਵਿੱਚ ਲਾਇਬ੍ਰੇਰੀਆਂ ਚਲਾਉਣੀਆਂ ਅਤੇ ਉਨ੍ਹਾਂ ਲੋਕ ਪੱਖੀ ਸੰਸਥਾਵਾਂ ਵਿੱਚ ਕੰਮ ਕਰਨਾ ਸ਼ਾਮਲ ਸੀ ਜੋ ਬਿਨਾਂ ਕਿਸੇ ਫਾਇਦੇ ਦੇ ਕੰਮ ਕਰਦੀਆਂ ਹਨ l
ਭਾਵੇਂ ਕਿ ਮੈਂ ਮੁਫ਼ਤ ਕੰਮ ਕਰਦਾ ਸੀ ਪਰ ਫਿਰ ਵੀ ਮੈਨੂੰ ਸਫਲ ਕਾਰੋਬਾਰੀ ਦੇ ਤੌਰ ਤੇ ਜਾਣਿਆ ਜਾਣ ਲੱਗਾ l ਬਹੁਤੇ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਮਿਲਣ ਆ ਜਾਂਦੇ l
ਉਹ ਮੈਨੂੰ ਪੁੱਛਦੇ ਕਿ ਤੁਹਾਡੀ ਸਫਲਤਾ ਦਾ ਕੀ ਰਾਜ ਹੈ ? ਸਫਲਤਾ ਦੇ ਰਾਜ ਤਾਂ ਬਹੁਤ ਹੁੰਦੇ ਹਨ ਕਿਉਂਕਿ ਕਾਰੋਬਾਰ ਵਿੱਚ ਬਹੁਤ ਕੁੱਝ ਸਿੱਖਣਾ ਅਤੇ ਸਿਖਾਉਣਾ ਪੈਂਦਾ ਹੈ l ਉਸ ਸਾਰੇ ਬਾਰੇ ਮੈਂ ਉਨ੍ਹਾਂ ਨੂੰ ਜਾਣਕਾਰੀ ਦੇ ਦਿੰਦਾ l ਫਿਰ ਉਹ ਮੈਨੂੰ ਕਹਿੰਦੇ ਕਿ ਤੂੰ ਇਹ ਸਭ ਮੁਫ਼ਤ ਕਿਉਂ ਕਰਦਾ ਹੈਂ ਜਦ ਕਿ ਇਸ ਸਲਾਹ ਦੇ ਚੰਗੇ ਭਲੇ ਪੈਸੇ ਮਿਲ ਸਕਦੇ ਹਨ ?
ਹੁਣ ਦੇਖਣ ਨੂੰ ਇਹ ਸਵਾਲ ਬਹੁਤ ਸੌਖਾ ਹੈ ਪਰ ਇਸ ਦਾ ਜਵਾਬ ਓਨਾ ਹੀ ਮੁਸ਼ਕਲ ਹੈ l ਇਸ ਤੋਂ ਵੀ ਵੱਡੀ ਗੱਲ ਕਿ ਮੇਰਾ ਜਵਾਬ ਉਨ੍ਹਾਂ ਦੇ ਸਮਝ ਵੀ ਨਹੀਂ ਆ ਸਕਦਾ l ਜਦ ਮੈਂ ਉਨ੍ਹਾਂ ਨੂੰ ਕਹਿਣਾ ਕਿ ਮੇਰਾ ਜਵਾਬ ਤੁਹਾਡੇ ਸਮਝ ਨਹੀਂ ਆਉਣਾ ਫਿਰ ਪੁੱਛ ਕੇ ਕੀ ਕਰੋਗੇ ?
ਉਨ੍ਹਾਂ ਫਿਰ ਜ਼ਿੱਦ ਕਰਨੀ ਕਿ ਸਾਨੂੰ ਜ਼ਰੂਰ ਦੱਸ ਕਿ ਤੂੰ ਮੁਫ਼ਤ ਸਲਾਹ ਕਿਉਂ ਦਿੰਦਾ ਹੈਂ ? ਮੈਂ ਉਨ੍ਹਾਂ ਨੂੰ ਕਹਿਣਾ ਕਿ ਇਸ ਕਰਕੇ ਕਿਉਂਕਿ ਮੈਂ ਤੁਹਾਨੂੰ ਆਪਣੇ ਵਰਗੇ ਦੇਖਣਾ ਚਾਹੁੰਦਾ ਹਾਂ l ਉਨ੍ਹਾਂ ਫਿਰ ਪ੍ਰਸ਼ਨ ਕਰਨਾ ਕਿ ਤੈਨੂੰ ਇਸ ਦਾ ਕੀ ਫਾਇਦਾ ਹੈ ਜੇ ਅਸੀਂ ਤੇਰੇ ਵਰਗੇ ਹੋ ਜਾਈਏ ? ਮੈਂ ਕਹਿਣਾ ਕਿ ਇਹ ਸਮਝਣ ਵਾਸਤੇ ਤੁਹਾਨੂੰ ਮੇਰੇ ਵਾਲੇ ਲੈਵਲ ਤੇ ਆਉਣਾ ਪਵੇਗਾ l ਉਹ ਕਹਿੰਦੇ ਇਹ ਅਜੇ ਤਾਂ ਹੋ ਨਹੀਂ ਸਕਦਾ ਪਰ ਫਿਰ ਵੀ ਸਮਝਾਉਂਣ ਦੀ ਕੋਸ਼ਿਸ਼ ਕਰ l
ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਅਸੀਂ ਕੋਈ ਨੌਕਰੀ ਜਾਂ ਕਾਰੋਬਾਰ ਕਰਦੇ ਹਾਂ ਤਾਂ ਸਾਡੇ ਕੁੱਝ ਸੁਪਨੇ ਹੁੰਦੇ ਹਨ ਜੋ ਅਸੀਂ ਪੂਰੇ ਕਰਨਾ ਚਾਹੁੰਦੇ ਹਾਂ l ਕਈ ਵਾਰ ਕਈਆਂ ਦਾ ਸੁਪਨਾ ਦੂਜਿਆਂ ਨਾਲੋਂ ਵਧੀਆ ਹੋਣ ਦਾ ਵੀ ਹੋ ਸਕਦਾ ਭਾਵ ਅਸੀਂ ਦੂਜੇ ਦੇ ਮੁਕਾਬਲੇ ਆਪਣੇ ਆਪ ਨੂੰ ਵੱਧ ਅਮੀਰ ਕਰਨਾ ਚਾਹੁੰਦੇ ਹਾਂ l ਮੈਂ ਕਿਹਾ ਕਿ ਉਸ ਲੈਵਲ ਤੇ ਪਹੁੰਚ ਕੇ ਕੁੱਝ ਲੋਕਾਂ ਦੇ ਸੁਪਨੇ ਬਦਲ ਜਾਂਦੇ ਹਨ ਉਹ ਇਹ ਨਹੀਂ ਰਹਿੰਦੇ l ਉਹ ਹੈਰਾਨੀ ਨਾਲ ਮੇਰੇ ਵੱਲ ਦੇਖਦੇ ਹਨ ਕਿ ਇਹ ਕਿਸ ਤਰਾਂ ? ਮੈਂ ਅੱਗੇ ਦੱਸਦਾ ਹਾਂ ਕਿ 35 ਸਾਲ ਦੀ ਉਮਰ ਵਿੱਚ ਜਦੋਂ ਮੈਂ ਮੁਫ਼ਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਕਮਿਊਨਿਟੀ ਵਰਕ ਤੋਂ ਬਾਦ ਜਦੋਂ ਸਮਾਂ ਹੁੰਦਾ ਤਾਂ ਮੈਂ ਗਰਾਊਂਡਾਂ ਵਿੱਚ ਚਲੇ ਜਾਂਦਾ ਸੀ ਪਰ ਜਦੋਂ ਮੈਂ ਗੁਲਫ ਖੇਡਣ ਦੀ ਗਰਾਊਂਡ ਵਿੱਚ ਜਾਂਦਾ ਸੀ ਤਾਂ ਉਥੇ ਮੈਨੂੰ ਰਿਟਾਇਰ ਹੋਏ ਬਜ਼ੁਰਗ ਮਿਲਦੇ ਸਨ l ਉਹ ਮੇਰੇ ਨਾਲ ਵਧੀਆ ਬੋਲਦੇ ਸਨ ਪਰ ਸਧਾਰਨ ਗੱਲਬਾਤ ਤੋਂ ਬਾਦ ਜਿਆਦਾ ਗੱਲਬਾਤ ਉਹ ਆਪਣੇ ਹਾਣੀਆਂ ਨਾਲ ਹੀ ਕਰਦੇ ਸਨ l ਮੇਰੀ ਉਮਰ ਦੇ ਲੋਕ ਉਥੇ ਨਹੀਂ ਹੁੰਦੇ ਸਨ l ਉਸ ਸਮੇਂ ਮੇਰਾ ਸੁਪਨਾ ਬਦਲ ਗਿਆ l ਮੈਂ ਸੋਚਿਆ ਕਿ ਮੈਂ ਬਾਕੀਆਂ ਨੂੰ ਵੀ ਇਸ ਕਾਬਲ ਬਣਾਵਾਂ ਕਿ ਉਹ ਵੀ ਭਾਈਚਾਰੇ ਖਾਤਰ 35 ਸਾਲ ਦੀ ਉਮਰ ਤੋਂ ਹੀ ਮੁਫ਼ਤ ਸੇਵਾ ਕਰਨ ਦੇ ਯੋਗ ਹੋ ਜਾਣ ਅਤੇ ਜੇ ਉਹ ਇਸ ਦੇ ਕਾਬਲ ਹੋ ਜਾਣਗੇ ਤਾਂ ਉਹ ਵੀ ਮੇਰੇ ਨਾਲ ਗੁਲਫ ਦੀ ਗਰਾਉਂਡ ਵਿੱਚ ਗੱਲਾਂ ਕਰਨਗੇ l
ਉਹ ਮੇਰੀ ਗੱਲ ਸਮਝ ਜਾਂਦੇ ਹਨ ਅਤੇ ਜਾਂਦੇ ਹੋਏ ਪੁੱਛਦੇ ਹਨ ਕਿ ਤੁਸੀਂ ਗੱਲਾਂ ਤਾਂ ਕਾਰੋਬਾਰ ਚਲਾਉਣ ਵਾਸਤੇ ਬਹੁਤ ਦੱਸੀਆਂ ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਇੱਕ ਹੀ ਗੱਲ ਦੱਸੋ ਜੋ ਕਾਰੋਬਾਰ ਨੂੰ ਸਿਖਰਾਂ ਤੇ ਲੈ ਜਾਵੇ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ “Deliver what you promise’. ਉਹ ਕਹਿੰਦੇ ਪੰਜਾਬੀ ਵਿੱਚ ਵੀ ਦੱਸੋ l ਮੈਂ ਕਿਹਾ ਕਿ ਕਾਰੋਬਾਰ ਵਿੱਚ ਸਭ ਤੋਂ ਵੱਡੀ ਅਹਿਮੀਅਤ ਇਸ ਗੱਲ ਦੀ ਹੈ ਕਿ ਜਿਸ ਚੀਜ਼ ਦਾ ਤੁਸੀਂ ਵਾਇਦਾ ਕੀਤਾ ਉਸ ਨੂੰ ਉਸੇ ਮੁਤਾਬਕ ਪੂਰਾ ਕਰੋ l ਇਹ ਆਦਤ ਤੁਹਾਡੇ ਕਾਰੋਬਾਰ ਨੂੰ ਸਿਖਰ ਤੇ ਲੈ ਜਾਵੇਗੀ ਅਤੇ ਤੁਹਾਡੇ ਉਹੀ ਗ੍ਰਾਹਕ ਵਾਰ ਵਾਰ ਤੁਹਾਡੇ ਕੋਲ ਆਉਣਗੇ ਅਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਲੈ ਕੇ ਆਉਣਗੇ l
ਨੋਟ :- ਇਹ ਆਰਟੀਕਲ ਮੇਰੇ ਆਪਣੇ ਤਜਰਬੇ ਤੇ ਅਧਾਰਤ ਹੈ l ਵੱਖ ਵੱਖ ਵਿਅਕਤੀਆਂ ਦੇ ਹਲਾਤ ਵੱਖ ਵੱਖ ਹੁੰਦੇ ਹਨ ਇਸ ਕਰਕੇ ਇਕੋ ਫਾਰਮੂਲਾ ਸਭ ਦੇ ਕੰਮ ਨਹੀਂ ਆ ਸਕਦਾ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

Daily Radio

Daily Radio

Listen Daily Radio
Close