ਬੱਤੀ ਜਥੇਬੰਦੀਆਂ ‘ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 384ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਦੇ ਰੇਲ ਰੋਕੋ ਪ੍ਰੋਗਰਾਮ ਨੂੰ ਸਿਰਫ ਬੇਮਿਸਾਲ ਹੁੰਗਾਰਾ ਹੀ ਮਿਲਿਆ ਸਗੋਂ ਇਹ ਪੂਰੀ ਤਰ੍ਹਾਂ ਸ਼ਾਤਮਈ ਵੀ ਰਿਹਾ। ਜਿੱਥੇ ਇੱਕ ਪਾਸੇ ਇਸ ਹੁੰਗਾਰੇ ਕਾਰਨ ਅੰਦੋਲਨਕਾਰੀਆਂ ਦੇ ਹੌਂਸਲੇ ਹੋਰ ਬੁਲੰਦ ਹੋਏ, ਉੱਥੇ ਦੂਸਰੀ ਤਰਫ ਸਾਡੇ ਅੰਦੋਲਨ ਦੀ ਪੁਖਤਗੀ ਉਪਰ ਇੱਕ ਵਾਰ ਫਿਰ ਮੋਹਰ ਲੱਗੀ ਹੈ।
ਬੁਲਾਰਿਆਂ ਨੇ ਅੱਜ ਦੀਪ ਸਿੱਧੂ ਵੱਲੋਂ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾ. ਸਵਰਾਜਬੀਰ ਵਿਰੁੱਧ ਕੀਤੇ ਸ਼ਬਦੀ ਹਮਲਿਆਂ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਦੀਪ ਸਿੱਧੂ ਦਾ ਕਿਰਦਾਰ ਸ਼ੱਕੀ ਰਿਹਾ ਹੈ। 26 ਜਨਵਰੀ ਦੀ ਲਾਲ ਕਿਲ੍ਹਾ ਘਟਨਾ ਨੇ ਕਿਸਾਨ ਅੰਦੋਲਨ ਨੂੰ ਬਹੁਤ ਵੱਡੀ ਢਾਹ ਲਾਈ ਸੀ ਤੇ ਦੀਪ ਸਿੱਧੂ ਦੀ ਇਸ ਘਟਨਾ ਵਿੱਚ ਪ੍ਰਮੁੱਖ ਭੂਮਿਕਾ ਰਹੀ ਸੀ। ਧਰਨਾਕਾਰੀਆਂ ਨੇ ਸਿੱਧੂ ਦੀ ਇਸ ਕਾਰਵਾਈ ਵਿਰੁੱਧ ਮਤਾ ਕਰਦੇ ਹੋਏ ਉਸ ਨੂੰ ਡਾ. ਸਵਰਾਜਬੀਰ ਵਿਰੁੱਧ ਬੋਲਣ ਤੇ ਅੰਦੋਲਨ ਵਿਰੋਧੀ ਕਾਰਵਾਈਆਂ ਤੋਂ ਬਾਝ ਆਉਣ ਦੀ ਚਿਤਾਵਨੀ ਦਿੱਤੀ।
ਬੁਲਾਰਿਆਂ ਨੇ ਅੱਜ ਦੀ ਅਖਬਾਰਾਂ ਰਾਹੀਂ ਇੱਕ ਨਿਹੰਗ ਆਗੂ ਦੇ ਬੀਜੇਪੀ ਨੇਤਾਵਾਂ ਨਾਲ ਜੱਗ-ਜਾਹਰ ਹੋਏ ਕਰੀਬੀ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ। ਆਗੂਆਂ ਨੇ ਕਿਹਾ ਕਿ ਨਿਹੰਗ ਜਥੇਬੰਦੀਆਂ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਉਨ੍ਹਾਂ ਵੱਲੋਂ ਕੀਤੀ ਕਾਲੀ ਕਰਤੂਤ ਨੂੰ ਲੈ ਕੇ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਨਿਹੰਗ ਆਗੂ ਬੀਜੇਪੀ ਨੇਤਾਵਾਂ ਦੇ ਹੱਥਾਂ ਵਿੱਚ ਨਾ ਖੇਡਣ ਤੇ ਮੋਰਚੇ ਦੀ ਲੀਡਰਸ਼ਿਪ ਵਿਰੁੱਧ ਅਨਾਪ-ਸ਼ਨਾਪ ਬੋਲਣਾ ਬੰਦ ਕਰਨ।
ਬੁਲਾਰਿਆਂ ਨੇ ਡੀਜ਼ਲ ਦੇ ਨਿੱਤ ਵਧਦੇ ਰੇਟਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਮਹਿੰਗਾਈ ਨੂੰ ਖੇਤੀ ਲਈ ਬਹੁਤ ਘਾਤਕ ਦੱਸਿਆ। ਆਗੂਆਂ ਨੇ ਕਿਹਾ ਕਿ ਖਾਦ, ਬੀਜਾਂ, ਮਸ਼ੀਨਰੀ, ਕੀੜੇਮਾਰ ਦਵਾਈਆਂ ਤੇ ਡੀਜ਼ਲ ਦੀ ਮਹਿੰਗਾਈ ਨੇ ਖੇਤੀ ਦੇ ਕਿੱਤੇ ਨੂੰ ਬਹੁਤ ਖਰਚੀਲਾ ਬਣਾ ਦਿੱਤਾ ਹੈ। ਟ੍ਰੈਕਟਰ ਤੇ ਖੇਤੀ ਮਸ਼ੀਨਰੀ ਵਰਤਣਾ ਮੁਹਾਲ ਹੋ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਡੀਜ਼ਲ ‘ਤੇ ਵਿਸ਼ੇਸ਼ ਸਬਸਿਡੀ ਦੇਵੇ ਤੇ ਟੈਕਸ ਘੱਟ ਕਰਕੇ ਸਾਰੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘੱਟ ਕਰੇ।