ਕੈਨੇਡਾ ਵਿਖੇ ਝਰਨੇ ਦੇ ਨੇੜੇ ਫਸੇ ਵਿਅਕਤੀ ਨੂੰ ਆਪਣੀਆਂ ਦਸਤਾਰਾਂ ਨਾਲ ਮੌਤ ਦੇ ਮੂੰਹ ‘ਚੋਂ ਬਾਹਰ ਕੱਢਣ ਵਾਲੇ 5 ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਪੁਲਿਸ ਨੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।
ਰਿਜ ਮਿਐਡੋਜ਼ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੇ ਨਾਂ ਸਿਰਫ਼ ਆਪਣੀ ਜਾਨ ਦਾਅ ’ਤੇ ਲਾ ਕੇ ਅਣਜਾਣ ਵਿਅਕਤੀ ਦੀ ਜਾਨ ਬਚਾਈ ਬਲਕਿ ਸਿੱਖ ਧਰਮ ‘ਚ ਬੇਹੱਦ ਸਤਿਕਾਰਤ ਦਸਤਾਰਾਂ ਨੂੰ ਜੋੜ ਕੇ ਰੱਸੀ ਬਣਾਉਣ ਵਿਚ ਦੇਰ ਨਾਂ ਕੀਤੀ। RCMP ਦੇ ਸੁਪਰਡੈਂਟ ਵੈਂਡੀ ਮੈਹਟ ਵੱਲੋਂ ਮੇਪਲ ਰਿਜ ਦੇ ਦਫ਼ਤਰ ‘ਚ ਸਿੱਖ ਨੌਜਵਾਨਾਂ ਦਾ ਬਹਾਦਰੀ ਪੁਰਸਕਾਰ ਨਾਲ ਸਨਮਾਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ’ਚ ਵਿਅਕਤੀ ਝਰਨੇ ਦੇ ਨੇੜਿਓਂ ਲੰਘ ਰਿਹਾ ਸੀ। ਇਸੇ ਦੌਰਾਨ ਉਸ ਦਾ ਪਹਾੜੀ ਤੋਂ ਪੈਰ ਤਿਲਕ ਗਿਆ ਤੇ ਉਹ ਅਜਿਹੀ ਥਾਂ ਫਸ ਗਿਆ ਜਿੱਥੋਂ ਬਾਹਰ ਨਿਕਲਣਾ ਸੰਭਵ ਹੀ ਨਹੀਂ ਸੀ।
ਇਸੇ ਦੌਰਾਨ ਉੱਥੋਂ ਨੇੜਿਓਂ ਨਿਕਲ ਰਹੇ ਪੰਜ ਸਿੱਖ ਨੌਜਵਾਨਾਂ ਦੀ ਨਜ਼ਰ ਉਨ੍ਹਾਂ ’ਤੇ ਪੈ ਗਈ ਅਤੇ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਤੇ ਹੋਰ ਕੱਪੜਿਆਂ ਨਾਲ ਗੱਠਾਂ ਬੰਨ੍ਹ ਕੇ ਲੰਬੀ ਰੱਸੀ ਬਣਾ ਕੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ।