Home » ਕੈਨੇਡੀਅਨ ਕੁੜੀ ਦੇ ਚੱਕਰਾਂ ‘ਚ ਫਸਿਆ ਪੰਜਾਬੀ ਮੁੰਡਾ, 28 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ…
Home Page News World World News

ਕੈਨੇਡੀਅਨ ਕੁੜੀ ਦੇ ਚੱਕਰਾਂ ‘ਚ ਫਸਿਆ ਪੰਜਾਬੀ ਮੁੰਡਾ, 28 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ…

Spread the news

ਪੰਜਾਬ ਦੇ ਬਹੁਤੇ ਨੌਜਵਾਨ ਵਿਦੇਸ਼ ਜਾਣ ਲਈ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਅੱਜ ਕੱਲ੍ਹ ਵਿਆਹ ਨੂੰ ਵੀ ਇੱਕ ਡੀਲ ਬਣਾ ਲਿਆ ਗਿਆ ਹੈ। ਹੁਣ ਤਾਂ ਲੋਕ ਰਿਸ਼ਤੇ ਵੇਖਣ ਗਏ ਵੀ ਇਹੀ ਪੁੱਛਦੇ ਹਨ ਕਿ ਕੁੜੀ ਜਾਂ ਮੁੰਡੇ ਨੇ ਆਈਲੈਟਸ ਕੀਤੀ ਹੈ ਜਾਂ ਨਹੀਂ।ਵਿਦੇਸ਼ ਜਾਣ ਦੇ ਇਸ ਕ੍ਰੇਜ਼ ਵਿੱਚ ਬਹੁਤ ਸਾਰੇ ਲੋਕ ਧੋਖਾ ਧੜੀ ਦਾ ਸ਼ਿਕਾਰ ਵੀ ਹੁੰਦੇ ਹਨ।ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ।

ਇਕ ਕੁੜੀ ਨੇ ਆਪਣੀ ਮਾਂ, ਭੈਣ ਅਤੇ ਭਰਾ ਨਾਲ ਮਿਲ ਕੇ ਇੱਕ ਸਾਜਿਸ਼ ਰਚੀ ਅਤੇ ਲੜਕੇ ਨੂੰ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਕਿ ਫਰਾਰ ਹੋ ਗਈ। ਉਸਨੇ ਸੋਹਰਾ ਪਰਿਵਾਰ ਤੋਂ ਪੜ੍ਹਾਈ ਦੀ ਫੀਸ ‘ਤੇ ਸਪਾਉਸ ਵੀਜ਼ੇ ਦੇ ਨਾਂ ‘ਤੇ 28 ਲੱਖ ਰੁਪਏ ਠੱਗ ਲਏ।

ਸਥਾਨਕ ਪੁਲਿਸ ਨੇ 3 ਮਹਿਲਾਵਾਂ ਅਤੇ ਇੱਕ ਵਿਅਕਤੀ ਸਮੇਤ 4 ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।ਕਥਿਤ ਦੋਸ਼ੀਆਂ ‘ਚੋਂ 2 ਕੈਨੇਡਾ ਹਨ ਜਦਕਿ 2 ਭਾਰਤ ‘ਚ ਹੀ ਰਹਿ ਰਹੇ ਹਨ। ਉਕਤ ਮੁਕੱਦਮਾ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵੱਲੋਂ ਸੌਂਪੀ ਸ਼ਿਕਾਇਤ ਦੀ ਐੱਸ.ਪੀ. (ਪੀ.ਬੀ.ਆਈ.) ਵੱਲੋਂ ਕੀਤੀ ਗਈ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ।


ਪੁਲਿਸ ਨੇ ਪਿੰਡ ਮਾਧੋਵਾਲ ਦੇ ਨੌਜਵਾਨ ਦੇ ਪਿਤਾ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ‘ਚ ਲਿਖਿਆ ਕਿ ਉਕਤ ਲੜਕਾ ਕੋਰੀਆ ਗਿਆ ਹੋਇਆ ਸੀ ਅਤੇ ਉਸਦੀ ਭੈਣ ਸਟੱਡੀ ਬੇਸ ‘ਤੇ ਕੈਨੇਡਾ ਗਈ ਹੋਈ ਸੀ। ਕੈਨੇਡਾ ‘ਚ ਪੜ੍ਹਾਈ ਕਰਦੇ ਸਮੇਂ ਉਸਦੀ ਭੈਣ ਦੀ ਦੋਸਤੀ ਕਿਸੇ ਲਵਨੀਤ ਕੌਰ ਅਟਵਾਲ ਨਾਂ ਦੀ ਕੁੜੀ ਨਾਲ ਹੋ ਗਈ। ਜਦੋਂ ਮੁੰਡੇ ਦੀ ਆਪਣੀ ਭੈਣ ਨਾਲ ਗੱਲ ਹੁੰਦੀ ਸੀ ਤਾਂ ਉਸਦੀ ਲਵਨੀਤ ਕੌਰ ਅਟਵਾਲ ਨਾਲ ਵੀ ਫੋਨ ‘ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਲਵਨੀਤ ਕੌਰ ਨੂੰ ਜਦੋਂ ਇਹ ਪਤਾ ਲੱਗਾ ਕਿ ਲੜਕੇ ਦੇ ਪਰਿਵਾਰ ਦੀ ਮਾਲੀ ਹਾਲਤ ਚੰਗੀ ਹੈ ਤਾਂ ਲਵਨੀਤ ਨੇ ਆਪਣੀ ਸੋਚੀ ਸਮਝੀ ਚਾਲ ਨਾਲ ਉਸਦੀ ਭੈਣ ਰਾਹੀਂ ਫੋਨ ‘ਤੇ ਮੁੰਡੇ ਨਾਲ ਗੱਲਬਾਤ ਕਰਕੇ ਉਸਨੂੰ ਆਪਣੇ ਜਾਲ ‘ਚ ਫਸਾ ਲਿਆ ਅਤੇ ਆਪਣੀ ਮਾਤਾ, ਭਰਾ ਅਤੇ ਭੈਣ ਨਾਲ ਮਿਲੀਭੁਗਤ ਨਾਲ ਉਨ੍ਹਾਂ ਉਸ ਨੂੰ ਕੈਨੇਡਾ ਬੁਲਾਉਣ ਦਾ ਝਾਂਸਾ ਦੇ ਕੇ ਉਸ ਨਾਲ ਲਵਨੀਤ ਕੌਰ ਦਾ ਵਿਆਹ ਕਰਵਾਇਆ।

ਲਵਨੀਤ ਕੌਰ ਅਟਵਾਲ ਨੇ ਸਟੱਡੀ ਫੀਸ ਅਤੇ ਸਪਾਊਸ ਵੀਜ਼ਾ ਲਗਵਾਉਣ ਲਈ ਹੇਰਾਫੇਰੀ ਨਾਲ ਉਨ੍ਹਾਂ ਕੋਲੋਂ 28 ਲੱਖ ਰੁਪਏ ਲੈ ਲਏ ਅਤੇ ਮੁੰਡੇ ਨੂੰ ਕੈਨੇਡਾ ਨਹੀਂ ਬੁਲਾਇਆ ਅਤੇ ਦਰਖਾਸਤਕਰਤਾ ਧਿਰ ਨਾਲ ਕੁੜੀ ਦੀ ਮਾਤਾ ਸੁਖਜੀਤ ਕੌਰ ਅਟਵਾਲ ਵਲੋਂ ਸਾਢੇ 13 ਲੱਖ ਰੁਪਏ ‘ਚ ਫੈਸਲਾ ਕਰ ਕੇ ਵੀ ਫੈਸਲੇ ਮੁਤਾਬਿਕ ਪੈਸੇ ਵਾਪਸ ਨਹੀਂ ਦਿੱਤੇ। 

ਪੁਲਿਸ ਨੇ ਪੜਤਾਲ ‘ਚ ਲਿਖਿਆ ਕਿ ਕੁੜੀ ਦੀ ਮਾਤਾ ਸੁਖਜੀਤ ਕੌਰ ਅਟਵਾਲ ਨੇ ਆਪਸ ‘ਚ ਮਿਲੀਭੁਗਤ ਕਰ ਕੇ ਸਾਜ਼ਿਸ਼ ਨਾਲ ਮੁੰਡੇ ਦੇ ਪਰਿਵਾਰ ਨਾਲ ਕੁੱਲ 28 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸ ਸਬੰਧੀ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨਾ ਬਣਦਾ ਹੈ।


ਸਥਾਨਕ ਪੁਲਿਸ ਨੇ ਡੀ.ਏ. ਲੀਗਲ ਦੀ ਰਿਪੋਰਟ ਉਪਰੰਤ ਕੁੜੀ ਲਵਨੀਤ ਕੌਰ, ਉਸਦੀ ਮਾਤਾ ਸੁਖਜੀਤ ਕੌਰ ਅਟਵਾਲ ਪਤਨੀ ਸਵ. ਹਰਬੰਸ ਸਿੰਘ ਅਟਵਾਲ, ਭਰਾ ਪਰਮਵੀਰ ਸਿੰਘ ਅਟਵਾਲ ਅਤੇ ਭੈਣ ਨਵਨੀਤ ਕੌਰ ਅਟਵਾਲ ਵਾਸੀਆਨ ਨਾਗਪੁਰ (ਮਹਾਰਾਸ਼ਟਰ) ਵਿਰੁੱਧ ਧੋਖਾਧੜੀ ਦੇ ਦੋਸ਼ਾਂ ਹੇਠ ਆਈ.ਪੀ.ਸੀ. ਦੀ ਧਾਰਾ 420, 406 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।