ਕਿਸਾਨ ਅੰਦੋਲਨ ਨੂੰ 11 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। 11 ਮਹੀਨਿਆਂ ਬਾਅਦ ਪੁਲਿਸ ਨੇ ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਦੋਵਾਂ ਸਰਹੱਦਾਂ ਦਾ ਇਕ ਪਾਸੜ ਮਾਰਗ ਖੋਲ੍ਹਣ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੜਕ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਸੜਕ ਨੂੰ ਬੰਦ ਨਹੀਂ ਕੀਤਾ ਹੈ, ਦਿੱਲੀ ਪੁਲਿਸ ਨੇ ਕੀਤਾ ਹੈ।
ਦਿੱਲੀ ਪੁਲੀਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਹੈ ਕਿ ਪੁਲਿਸ ਵੀ ਰਾਹ ਖੋਲ੍ਹਣ ਲਈ ਤਿਆਰ ਹੈ, ਪਰ ਕਿਸਾਨਾਂ ਨੂੰ ਵਾਅਦਾ ਕਰਨਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਹਫੜਾ-ਦਫੜੀ ਨਹੀਂ ਹੋਣ ਦਿੱਤੀ ਜਾਵੇਗੀ। ਫਿਲਹਾਲ ਪੁਲਿਸ ਅਤੇ ਕਿਸਾਨਾਂ ਵਿਚਕਾਰ ਮੁਕੰਮਲ ਸਮਝੌਤਾ ਹੋਣ ਤੱਕ ਰੋਡ ਜਾਮ ਰਹੇਗਾ।
ਪੁਲਿਸ ਨੇ ਟਿੱਕਰੀ ਸਰਹੱਦ ‘ਤੇ ਸੀਮੇਂਟ ਦਾ ਬਣਿਆ ਬੈਰੀਕੇਡ ਵੀ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਸੜਕ ਦੇ ਵਿਚਕਾਰ ਲੱਗੇ ਲੋਹੇ ਦੀਆਂ ਮੇਖਾਂ ਨੂੰ ਵੀ ਹਟਾ ਦਿੱਤਾ ਗਿਆ ਹੈ। ਫਿਲਹਾਲ ਸੀਮਿੰਟ ਦਾ ਇੱਕ ਬੈਰੀਕੇਡ ਅਜੇ ਵੀ ਬਰਕਰਾਰ ਹੈ।
ਦੱਸ ਦਈਏ ਕਿ ਹਾਲ ਹੀ ‘ਚ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਕਿਵੇਂ ਪ੍ਰਦਰਸ਼ਨਕਾਰੀਆਂ ਨੇ ਇਲਾਕੇ ‘ਚ ਆਵਾਜਾਈ ਰੋਕੀ ਹੈ। ਜਦੋਂ ਕਿਸਾਨ ਕੇਂਦਰ ਸਰਕਾਰ ਕੋਲ ਪਾਸ ਕੀਤੇ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਪਿਛਲੇ ਸਾਲ ਨਵੰਬਰ ਵਿੱਚ ਰਾਜਧਾਨੀ ਦੀਆਂ ਸਰਹੱਦਾਂ ‘ਤੇ ਇਕੱਠੇ ਹੋਏ ਸੀ, ਤਾਂ ਪੁਲਿਸ ਨੇ ਸੜਕਾਂ ‘ਤੇ ਵੱਡੀਆਂ ਕਿੱਲਾਂ ਅਤੇ ਕੰਕਰੀਟ ਦੇ ਵੱਡੇ ਬਲਾਕ ਲਗਾ ਕੇ ਬੈਰੀਕੇਡ ਲਗਾ ਦਿੱਤੇ ਸੀ।