ਯੂ. ਪੀ. ਦੇ ਮਿਰਜ਼ਾਪੁਰ ਵਿਚ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੇ ਦੂਜੀ ਕਲਾਸ ਵਿਚ ਪੜ੍ਹਦੇ 5 ਸਾਲ ਦੇ ਬੱਚੇ ਨੂੰ ਸ਼ਰਾਰਤ ਕਰਨ ‘ਤੇ ਦਿਲ ਦਹਿਲਾ ਦੇਣ ਵਾਲੀ ਸਜ਼ਾ ਦਿੱਤੀ। ਪ੍ਰਿੰਸੀਪਲ ਨੇ ਬੱਚੇ ਦਾ ਪੈਰ ਫੜ ਕੇ ਬਿਲਡਿੰਗ ਤੋਂ ਉਲਟਾ ਲਟਕਾ ਦਿੱਤਾ, ਜਿਸ ਤੋਂ ਬਾਅਦ ਪ੍ਰਿੰਸੀਪਲ ਦੀ ਇਹ ਸਾਰੀ ਕਰਤੂਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਤੇ ਹੁਣ ਪ੍ਰਿੰਸੀਪਲ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਵੀਰਵਾਰ ਨੂੰ ਸੋਨੂੰ ਯਾਦਵ ਦੇ ਨਾਂ ਵਿਦਿਆਰਥੀ ਨੇ ਗੋਲ ਗੱਪੇ ਖਾਣ ਦੌਰਾਨ ਦੂਜੇ ਬੱਚਿਆਂ ਨਾਲ ਕੋਈ ਸ਼ਰਾਰਤ ਕੀਤੀ ਸੀ। ਜਦੋਂ ਪ੍ਰਿੰਸੀਪਲ ਨੂੰ ਸੋਨੂੰ ਦੀ ਇਸ ਸ਼ਰਾਰਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਤੇ ਸੋਨੂੰ ਨੂੰ ਸਬਕ ਸਿਖਾਉਣ ਲਈ ਉਸ ਨੂੰ ਬਿਲਡਿੰਗ ਤੋਂ ਹੇਠਾ ਲਟਕਾ ਦਿੱਤਾ। ਬੱਚੇ ਨੂੰ ਜਦੋਂ ਲਟਕਾਇਆ ਗਿਆ ਤਾਂ ਉਹ ਰੋਣ ਲੱਗਾ ਤੇ ਮੁਆਫੀ ਮੰਗਣ ਲੱਗਾ ਤਦ ਕਿਤੇ ਜਾ ਕੇ ਪ੍ਰਿੰਸੀਪਲ ਨੇ ਉਸ ਨੂੰ ਛੱਡਿਆ।
ਜਦੋਂ ਇਹ ਸ਼ਰਮਨਾਕ ਘਟਨਾ ਵਾਪਰੀ ਉਸ ਸਮੇਂ ਹੋਰ ਬੱਚੇ ਵੀ ਉਥੇ ਮੌਜੂਦ ਸਨ ਤੇ ਉਨ੍ਹਾਂ ਵਿਚੋਂ ਹੀ ਕਿਸੇ ਨੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮਨੋਜ ਵਿਸ਼ਵਕਰਮਾ (ਪ੍ਰਿੰਸੀਪਲ) ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਉਨ੍ਹਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 352, 506 ਤੇ ਜੁਵੇਨਾਈਲ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।