ਸੂਹੀ ਛੰਤ ਮਹਲਾ ੪ ॥ ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥ ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥
ਅਰਥ:- ਹੇ ਭਾਈ! ਜਿਸ ਹਉਮੈ ਨੇ ਜਿਸ ਮਾਇਆ ਨੇ (ਜੀਵ ਨੂੰ ਕਦੇ) ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ ਇਸ ਮਾਇਆ ਨੂੰ (ਆਪਣੇ ਅੰਦਰੋਂ) ਮਾਰ ਮੁਕਾਓ। ਹੇ ਭਾਈ! (ਵੇਖੋ!) ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, (ਪਰ ਜਿੱਥੇ ਹਉਮੈ ਆ ਵੜੀ) ਇਸ ਹਉਮੈ ਨੇ (ਉਸ ਸਰੀਰ ਨੂੰ) ਮਾਰ ਕੇ ਖ਼ੁਆਰ ਕਰ ਦਿੱਤਾ। ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ (ਆਪਣੇ ਆਪ ਨੂੰ ਇਸ ਕਾਲਖ ਨਾਲ ਹੀ) ਜੋੜ ਰੱਖਿਆ ਹੈ। ਹੇ ਦਾਸ ਨਾਨਕ! (ਆਖ—ਹੇ ਭਾਈ!) ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ (ਇਸ ਹਉਮੈ ਤੋਂ) ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।1। ਹੇ ਭਾਈ! (ਆਪਣੇ) ਇਸ ਮਨ ਨੂੰ (ਸਦਾ ਆਪਣੇ) ਵੱਸ ਵਿਚ ਰੱਖੋ। (ਮਨੁੱਖ ਦਾ ਇਹ) ਮਨ ਸਦਾ (ਸ਼ਿਕਾਰੀ ਪੰਛੀ) ਬਾਸ਼ੇ ਵਾਂਗ ਭਟਕਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ (ਮਨੁੱਖ ਦੀ ਸਾਰੀ ਜ਼ਿੰਦਗੀ ਦੀ) ਰਾਤ ਦੁੱਖ ਵਿਚ ਹੀ ਬੀਤਦੀ ਹੈ। ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ (ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ) ਨਾਮ ਜਪਦਿਆਂ (ਉਸ ਦੇ) ਮਨ ਵਿਚ (ਉੱਠੀ ਹਰਿਨਾਮ ਸਿਮਰਨ ਦੀ) ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ—) ਹੇ ਪ੍ਰਭੂ! (ਮੈਨੂੰ ਭੀ ਆਪਣਾ ਨਾਮ ਜਪਣ ਦੀ) ਸੂਝ ਬਖ਼ਸ਼ (ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ) ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।2।