ਭਾਰਤ ਸਰਕਾਰ ਵੱਲੋਂ ਭਾਰਤ-ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਰਹਿ ਰਹੇ ਕੁਝ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੀ ਮਿਆਦ ਦੇ ਵੀਜ਼ਾ ਅਤੇ ਓ. ਸੀ. ਆਈ. ਕਾਰਡ (ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ) ਰੱਦ ਕੀਤੇ ਗਏ ਹਨ।
ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕਿਸਾਨ ਪ੍ਰਦਰਸ਼ਨ ਦੀ ਆੜ ਵਿਚ ਜੋ ਭਾਰਤ-ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹਨ, ਉਨ੍ਹਾਂ ਲੋਕਾਂ ਦੇ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਸਾਂਝੀ ਕਰਨ ਵਾਲੇ ਅਧਿਕਾਰੀ ਨੇ ਰੱਦ ਵੀਜ਼ਾ ਅਤੇ ਓ. ਸੀ. ਆਈ. ਕਾਰਡ ਦੀ ਕੁਲ ਗਿਣਤੀ ਨਹੀਂ ਦੱਸੀ ਹੈ।
ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਦੇਸ਼ ਵਿਚ ਪੰਜਾਬੀ ਵਿਦਿਆਰਥੀਆਂ ਦੀਆਂ ਅਪਰਾਧਿਕ ਸਰਗਰਮੀਆਂ ਸਬੰਧੀ ਵੀ ਚਿੰਤਾ ਪ੍ਰਗਟਾਈ ਹੈ। ਸਰਕਾਰ ਨੇ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਭਾਰਤ ਵਾਪਸ ਭੇਜਣ ਦਾ ਫ਼ੈਸਲਾ ਲਿਆ ਹੈ ਜੋ ਸ਼ਰਾਬ ਅਪਰਾਧਾਂ ਨੂੰ ਅੰਜ਼ਾਮ ਦਿੰਦੇ ਹਨ। ਇਸੇ ਕੜੀ ਵਿਚ ਕੈਨੇਡਾ ਸਰਕਾਰ ਨੇ ਮਾਰਕੁੱਟ ਵਿਚ ਸ਼ਾਮਲ 7 ਵਿਦਿਆਰਥੀਆਂ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜ ਦਿੱਤਾ ਹੈ।
ਭਾਰਤ ਵਿਰੋਧੀ ਪ੍ਰਦਰਸ਼ਨ ਕਰਨ ਵਾਲਿਆਂ ’ਤੇ ਵੀ ਨਜ਼ਰ
ਜਾਣਕਾਰੀ ਅਨੁਸਾਰ ਵੱਖ-ਵੱਖ ਭਾਰਤੀ ਦੂਤਘਰ ਅਜਿਹੇ ਭਾਰਤੀ ਮੂਲ ਦੇ ਨਾਗਰਿਕਾਂ ’ਤੇ ਨਜ਼ਰ ਰੱਖ ਰਹੇ ਹਨ, ਨਾਲ ਹੀ ਅਜਿਹੇ ਭਾਰਤੀ ਵਿਦਿਆਰਥੀਆਂ ’ਤੇ ਵੀ ਨਜ਼ਰ ਰੱਖ ਰਹੇ ਹਨ ਜੋ ਦੂਸਰੇ ਦੇਸ਼ਾਂ ਵਿਚ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋ ਰਹੇ ਹਨ।
ਇਕ ਉੱਚ ਸੂਤਰ ਨੇ ਕਿਹਾ ਕਿ ਦੂਸਰੇ ਦੇਸ਼ਾਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ, ਜੋ ਭਾਰਤ ਵਿਰੋਧੀ ਸਰਗਰਮੀਆਂ ਵਿਚ ਅਤੇ ਭਾਰਤੀ ਦੂਤਘਰ ਦੇ ਕੰਪਲੈਕਸ ਦੇ ਬਾਹਰ ਅਜਿਹੇ ਭਾਰਤ ਵਿਰੋਧੀ ਪ੍ਰਦਰਸ਼ਨ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ’ਤੇ ਭਾਰਤੀ ਮਿਸ਼ਨ ਦੀ ਨਜ਼ਰ ਹੈ।
ਸੂਤਰਾਂ ਨੇ ਕਿਹਾ ਕਿ ਕੁਝ ਦਰਜਨ ਅਜਿਹੇ ਲੋਕਾਂ ਦੀ ਪਛਾਣ ਵੀ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਜੇਕਰ ਉਹ ਭਾਰਤ ਯਾਤਰਾ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ਉਥੋਂ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਜਾਏਗਾ।