ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਨਵੰਬਰ ਵਿਚ ਭਾਰਤ ਤੋਂ 3000 ਸਿੱਖ ਸ਼ਰਧਾਲੂ ਪਾਕਿਸਤਾਨ ਵਿਚ ਸਥਿਤ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦਰਸ਼ਨ ਕਰਨ ਜਾਣਗੇ।
ਪਿਛਲੇ ਸਾਲ ਕੋਰੋਨਾ ਕਾਰਨ ਬਹੁਤ ਘੱਟ ਸ਼ਰਧਾਲੂ ਪਾਕਿਸਤਾਨ ਜਾ ਸਕੇ ਸਨ। ਪਾਕਿ ਸਰਕਾਰ ਨੇ ਇਸ ਸਬੰਧੀ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਪਾਕਿਸਤਾਨ ਦੇ ਰਾਸ਼ਟਰੀ ਕਮਾਨ ਤੇ ਸੰਚਾਲਨ ਕੇਂਦਰ (ਐੱਨ. ਸੀ. ਓ. ਸੀ.) ਵੱਲੋਂ ਮੰਗਲਵਾਰ ਨੂੰ ਜਾਰੀ ਗਾਈਡਲਾਈਨਜ਼ ਮੁਤਾਬਕ ਸ਼ਰਧਾਲੂ 17 ਤੋਂ 27 ਨਵੰਬਰ ਤੱਕ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਇਸ ਮੌਕੇ ਲਗਭਗ 12 ਤੋਂ 15 ਹਜ਼ਾਰ ਸਿੱਖ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਵਿਚ ਜਾਣ ਦੀ ਉਮੀਦ ਹੈ। ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਹਾਲਾਤਾਂ ਦੀ ਵਿਸਤ੍ਰਿਤ ਜਾਣਕਾਰੀ ਦਾ ਮੁਲਾਂਕਣ ਕਰਨ ਤੋਂ ਬਾਅਦ ਐੱਨ. ਸੀ. ਓ. ਸੀ. ਨੇ ਸੋਮਵਾਰ ਨੂੰ ਆਪਣੀ ਬੈਠਕ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਆਉਣ ਦੀ ਇਜਾਜ਼ਤ ਦਿੱਤੀ।
ਗਾਈਡਲਾਈਨਜ਼ਰ ਮੁਤਾਬਕ ਭਾਰਤ ਤੇ ਪਾਕਿਸਤਾਨ ਵਿਚ ਦੋਪੱਖੀ ਪ੍ਰੋਟੋਕਾਲ ਤਹਿਤ ਭਾਰਤ ਤੋਂ 3 ਹਜ਼ਾਰ ਸਿੱਖ ਸ਼ਰਧਾਲੂਆਂ ਨੂੰ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਕਿ ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਹੋਰਨਾਂ ਦੇਸ਼ਾਂ ਵਿਚ ਰਹਿਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ 1200 ਤੋਂ 1500 ਦੇ ਵਿਚ ਹੋਵੇਗੀ।
ਸਿੱਖ ਸ਼ਰਧਾਲੂਆਂ ਲਈ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲਗਾਉਣਾ ਜ਼ਰੂਰੀ ਹੋਵੇਗਾ। ਯਾਤਰਾ ਤੋਂ 72 ਘੰਟੇ ਪਹਿਲਾਂ ਦੀ RTPCR ਨੈਗੇਟਿਵ ਰਿਪੋਰਟ ਨਾਲ ਰੱਖਣੀ ਹੋਵੇਗੀ। ਨਾਲ ਹੀ ਵਾਹਗਾ ਬਾਰਡਰ ਉਤੇ ਚੈੱਕ ਪੋਸਟ ਵਿਖੇ ਸ਼ਰਧਾਲੂਆਂ ਦਾ ਰੈਪਿਡ ਕੋਰੋਨਾ ਟੈਸਟ ਹੋਵੇਗਾ ਤੇ ਪਾਜ਼ੀਟਿਵ ਪਾਉਣ ਉਤੇ ਜਾਣ ਵਾਲਿਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ।
ਸਿੱਖ ਜਥੇ 17 ਨਵੰਬਰ ਨੂੰ ਗੁਰਦੁਆਰਾ ਨਨਕਾਣਾ ਸਾਹਿਬ ਪੁੱਜਣਗੇ ਤੇ 18 ਨੂੰ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰੇ ਦੇ ਦਰਸ਼ਨ ਕੀਤੇ ਜਾਣਗੇ। 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਪ੍ਰੋਗਰਾਮ ਹੋਵੇਗਾ ਤੇ 20 ਨਵੰਬਰ ਨੂੰ ਸ਼ਰਧਾਲੂ ਗੁਰਦੁਆਰਾ ਸੱਚਾ ਸੌਦਾ ਦਾ ਦਰਸ਼ਨ ਕਰਨਗੇ ਤੇ ਵਾਪਸ ਨਨਕਾਣਾ ਸਾਹਿਬ ਆਉਣਗੇ।
21 ਨਵੰਬਰ ਨੂੰ ਸ਼ਰਧਾਲੂ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਨਗੇ। 22 ਨਵੰਬਰ ਨੂੰ ਪੂਰਾ ਦਿਨ ਉਥੇ ਰੁਕਣਗੇ। 23 ਨਵੰਬਰ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਪਹੁੰਚਣਗੇ ਅਤੇ 24 ਨਵੰਬਰ ਦਾ ਪੂਰਾ ਦਿਨ ਇੱਥੇ ਹੀ ਬਿਤਾਇਆ ਜਾਵੇਗਾ। ਇਸ ਤੋਂ ਬਾਅਦ 25 ਨਵੰਬਰ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਣਗੇ। ਰਾਤ ਇੱਥੇ ਰੁਕਣ ਤੋਂ ਬਾਅਦ ਇਹ ਜੱਥਾ ਅਗਲੇ ਦਿਨ (26 ਨਵੰਬਰ) ਨੂੰ ਅਮੀਨਾਬਾਦ ਦੇ ਗੁਰਦੁਆਰਾ ਰੋਹੀ ਸਾਹਿਬ ਜਾਵੇਗਾ ਅਤੇ ਫਿਰ 27 ਨਵੰਬਰ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਪਰਤੇਗਾ।