Home » T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ..
Home Page News India India Sports World Sports

T20 WC, IND v AFG : ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ..

Spread the news

 ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਤੋਂ ਬਾਅਦ ਰਵੀ ਚੰਦਰਨ ਅਸ਼ਵਿਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਨਾਲ ਭਾਰਤ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ-12 ਪੜਾਅ ਦੇ ਗਰੁੱਪ-2 ਮੈਚ ਵਿਚ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। ਭਾਰਤ ਦੇ 211 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ 7 ਵਿਕਟਾਂ ‘ਤੇ 144 ਦੌੜਾਂ ਹੀ ਬਣਾ ਸਕੀ। ਅਫਗਾਨਿਸਤਾਨ ਦੇ 6 ਬੱਲੇਬਾਜ਼ ਦੋਹਰੇ ਅੰਕ ਵਿਚ ਪੁੱਜੇ ਪਰ ਕਪਤਾਨ ਮੁਹੰਮਦ ਨਬੀ (35 ਦੌੜਾਂ) ਅਤੇ ਕਰੀਮ ਜੰਨਤ (ਅਜੇਤੂ 42 ਦੌੜਾਂ) ਹੀ 20 ਦੌੜਾਂ ਦੇ ਅੰਕੜਿਆਂ ਨੂੰ ਪਾਰ ਕਰ ਸਕੇ। ਦੋਵਾਂ ਨੇ 6ਵੇਂ ਵਿਕਟ ਲਈ 57 ਦੌੜਾਂ ਵੀ ਜੋੜੀਆਂ। ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ 3 ਵਿਕਟਾਂ ਝਟਕਾਈਆਂ, ਜਦੋਂਕਿ ਅਸ਼ਵਿਨ ਨੇ ਬੇਹੱਦ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ‘ਚ 14 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।


ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਵੀ 1-1 ਵਿਕਟ ਹਾਸਲ ਕੀਤੀ। ਰੋਹਿਤ (74) ਤੇ ਰਾਹੁਲ (69) ਦੇ ਅਰਧ ਸੈਂਕੜਿਆਂ ਤੇ ਦੋਵਾਂ ‘ਚ ਪਹਿਲੇ ਵਿਕਟ ਦੀ 140 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟਾਂ ‘ਤੇ 210 ਦੌੜਾਂ ਬਣਾਈਆਂ, ਜੋ ਮੌਜੂਦਾ ਟੂਰਨਾਮੈਂਟ ਦਾ ਸਭ ਤੋਂ ਉੱਚ ਸਕੋਰ ਹੈ। ਰੋਹਿਤ ਨੇ 47 ਗੇਂਦਾਂ ਦੀ ਆਪਣੀ ਪਾਰੀ ਵਿਚ 8 ਚੌਕੇ ਅਤੇ 3 ਛੱਕੇ ਮਾਰੇ, ਜਦੋਂਕਿ ਰਾਹੁਲ ਨੇ 48 ਗੇਂਦਾਂ ਦਾ ਸਾਹਮਣਾ ਕਰਦੇ ਹੋਏ 6 ਚੌਕੇ ਅਤੇ 2 ਛੱਕੇ ਜੜੇ। ਹਾਰਦਿਕ ਪੰਡਯਾ ਤੇ ਰਿਸ਼ਭ ਪੰਤ ਨੇ ਤੀਜੀ ਵਿਕਟ ਲਈ 3.3 ਓਵਰਾਂ ਵਿਚ 63 ਦੌੜਾਂ ਦੀ ਤੇਜ਼ਤੱਰਾਰ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ ਅੰਤਿਮ 9 ਓਵਰਾਂ ਵਿਚ 119 ਦੌੜਾਂ ਬਟੋਰੀਆਂ। ‘ਕਰੋ ਜਾਂ ਮਰੋ’ ਦੇ ਇਸ ਮੁਕਾਬਲੇ ਵਿਚ ਜਿੱਤ ਤੋਂ ਬਾਅਦ ਭਾਰਤ ਦੇ 3 ਮੈਚਾਂ ਵਿਚ 1 ਜਿੱਤ ਨਾਲ 2 ਅੰਕ ਹੋ ਗਏ ਹਨ। ਇਸ ਜਿੱਤ ਨਾਲ ਭਾਰਤ ਦੇ ਨੈੱਟ ਰਨ ਰੇਟ ਵਿਚ ਵੀ ਸੁਧਾਰ ਹੋਇਆ ਹੈ। ਅਫਗਾਨਿਸਤਾਨ ਦੇ 4 ਮੈਚਾਂ ਵਿਚ 2 ਜਿੱਤ ਨਾਲ 4 ਅੰਕ ਹਨ।


ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸ਼ੰਮੀ ਨੇ ਤੀਜੇ ਓਵਰ ਦੀ ਅੰਤਿਮ ਗੇਂਦ ਉੱਤੇ ਮੁਹੰਮਦ ਸ਼ਹਜਾਦ ਨੂੰ ਮਿਡ ਆਫ ‘ਤੇ ਅਸ਼ਵਿਨ ਦੇ ਹੱਥੋਂ ਕੈਚ ਕਰਵਾਇਆ। ਬੁਮਰਾਹ ਦੀ ਅਗਲੀ ਗੇਂਦ ‘ਤੇ ਸਲਾਮੀ ਬੱਲੇਬਾਜ਼ ਹਜਰਤੁੱਲਾਹ ਜਜਈ ਵੀ ਸ਼ਾਰਦੁਲ ਠਾਕੁਰ ਨੂੰ ਕੈਚ ਦੇ ਬੈਠਾ, ਜਿਸ ਨਾਲ ਅਫਗਾਨਿਸਤਾਨ ਦਾ ਸਕੋਰ 2 ਵਿਕਟਾਂ ‘ਤੇ 13 ਦੌੜਾਂ ਹੋ ਗਈਆਂ। ਸ਼ੰਮੀ ਦੀ ਪਾਰੀ ਦੇ 5ਵੇਂ ਓਵਰ ‘ਚ ਰਹਮਾਨੁੱਲਾਹ ਗੁਰਬਾਜ ਨੇ ਲਗਾਤਾਰ 2 ਛੱਕੇ ਅਤੇ ਇਕ ਚੌਕੇ ਨਾਲ 21 ਦੌੜਾਂ ਬਟੋਰੀਆਂ। ਗੁਲਬਦੀਨ ਨਾਇਬ ਨੇ ਪੰਡਯਾ ਦਾ ਸਵਾਗਤ 2 ਚੌਕਿਆਂ ਨਾਲ ਕੀਤਾ, ਜਿਸ ਨਾਲ ਅਫਗਾਨਿਸਤਾਨ ਨੇ ਪਾਵਰਪਲੇ ਵਿਚ 2 ਵਿਕਟਾਂ ਉੱਤੇ 47 ਦੌੜਾਂ ਬਣਾਈਆਂ। ਰਹਮਾਨੁੱਲਾਹ ਇਸ ਤੋਂ ਬਾਅਦ ਰਵਿੰਦਰ ਜਡੇਜਾ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਗੇਂਦ ਨੂੰ ਹਵਾ ਵਿਚ ਲਹਿਰਾ ਗਿਆ ਅਤੇ ਬਾਊਂਡਰੀ ‘ਤੇ ਪੰਡਯਾ ਨੇ ਕੈਚ ਫੜਨ ਵਿਚ ਕੋਈ ਗਲਤੀ ਨਹੀਂ ਕੀਤੀ। ਅਫਗਾਨਿਸਤਾਨ ਦੀਆਂ 50 ਦੌੜਾਂ 8ਵੇਂ ਓਵਰ ਵਿਚ ਪੂਰੀਆਂ ਕੀਤੀਆਂ। ਅਸ਼ਵਿਨ ਨੇ ਗੁਲਬਦੀਨ ਨੂੰ ਐੱਲ. ਪੀ. ਡਬਲਯੂ. ਕਰਨ ਤੋਂ ਬਾਅਦ ਨਜੀਬੁੱਲਾਹ ਜਾਦਰਾਨ ਨੂੰ ਬੋਲਡ ਕਰ ਕੇ ਅਫਗਾਨਿਸਤਾਨ ਦਾ ਸਕੋਰ 5 ਵਿਕਟਾਂ ‘ਤੇ 69 ਦੌੜਾਂ ਕੀਤਾ। ਅਫਗਾਨਿਸਤਾਨ ਨੇ 15 ਓਵਰਾਂ ਵਿਚ 5 ਵਿਕਟਾਂ ਉੱਤੇ 88 ਦੌੜਾਂ ਬਣਾਈਆਂ। ਟੀਮ ਨੂੰ ਅੰਤਿਮ 5 ਓਵਰਾਂ ਵਿਚ ਜਿੱਤ ਲਈ 123 ਦੌੜਾਂ ਦੀ ਦਰਕਾਰ ਸੀ ਪਰ ਟੀਮ ਇਸ ਸਕੋਰ ਦੇ ਆਸ-ਪਾਸ ਵੀ ਨਹੀਂ ਪਹੁੰਚ ਸਕੀ।