ਨਿਊਜ਼ੀਲੈਂਡ ‘ਚ ਮੈਨੇਜਡ ਆਈਸੋਲੇਸ਼ਨ ਸੈਂਟਰਾਂ ਚੋੰ ਆਈਸੋਲੇਟ ਹੋਏ ਵਿਅਕਤੀਆਂ ਦੇ ਭੱਜਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀੰ ਲੈ ਰਹੀਆਂ ਹਨ ।ਐੱਮ.ਆਈ.ਕਿਊ ਦੇ ਪ੍ਰਬੰਧਕਾਂ ਵੱਲੋੰ ਦਿੱਤੀ ਗਈ ਜਾਣਕਾਰੀ ਮੁਤਾਬਿਕ ਪਿਛਲੇ 2 ਦਿਨਾਂ ਵਿੱਚ ਆਕਲੈਂਡ ਤੇ ਹਮਿਲਟਨ ‘ਚ ਅਜਿਹੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ ।ਦੱਸਿਆ ਜਾ ਰਿਹਾ ਹੈ ਕਿ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਦੋਨੋੰ ਵਿਅਕਤੀ ਕੋਵਿਡ ਪਾਜ਼ਿਟਿਵ ਸਨ ਤੇ ਉਨ੍ਹਾਂ ਨੂੰ ਕੁਝ ਹੀ ਦੂਰੀ ਤੇ ਦੋਵਾਂ ਘਟਨਾਵਾਂ ਵਿੱਚ ਪੁਲਿਸ ਵੱਲੋੰ ਰੋਕ ਲਿਆ ਗਿਆ ।
ਪਹਿਲਾ ਮਾਮਲਾ ਆਕਲੈੰਡ ਏਅਰਪੋਰਟ ਦੇ ਹੌਲੀਡੇ ਇਨ ਸੈੰਟਰ ਦਾ ਹੈ ,ਇਸ ਦੌਰਾਨ ਕੋਰੋਨਾਗ੍ਰਸਤ ਇੱਕ ਵਿਅਕਤੀ ਝਕਮਾ ਦੇ ਕੇ ਭੱਜਣ ‘ਚ ਕਾਮਯਾਬ ਹੋ ਗਿਆ ,ਪਰ ਪੁਲਿਸ ਵੱਲੋੰ ਉਸ ਨੂੰ 100 ਮੀਟਰ ਦੀ ਦੂਰੀ ਤੇ ਹੀ ਫੜ ਲਿਆ ਗਿਆ ।
ਦੂਜਾ ਮਾਮਲਾ ਹਮਿਲਟਨ ਦੇ ਅਮੋਹੀਆ ਸੈੰਟਰ ਦਾ ਦੱਸਿਆ ਜਾ ਰਿਹਾ ਹੈ ।ਇਸ ਘਟਨਾ ‘ਚ ਵੀ ਪੁਲਿਸ ਵੱਲੋੰ ਭੱਜਣ ਵਾਲੇ ਨੂੰ ਕੁਝ ਹੀ ਦੂਰੀ ਤੋੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ।
ਦੱਸ ਦੇਈਏ ਕਿ ਪਿਛਲੇ ਹਫਤੇ ਵੀ ਆਕਲੈੰਡ ‘ਚ ਇੱਕ ਜੌੜਾ ਆਈਸੋਲੇਸ਼ਨ ਸੈੰਟਰ ‘ਚੋੰ ਭੱਜਣ ‘ਚ ਕਾਮਯਾਬ ਹੋਇਆ ਸੀ ।ਲਗਾਤਾਰ ਵੱਧ ਰਹੀਆਂ ਅਜਿਹੀਆਂ ਘਟਨਾਵਾਂ ਦੇ ਚੱਲਦੇ ਸਿਹਤ ਵਿਭਾਗ ਵੀ ਚਿੰਤਾ ‘ਚ ਨਜ਼ਰ ਆ ਰਿਹਾ ਹੈ ਤੇ ਉਨ੍ਹਾਂ ਵੱਲੋਂ ਲੋਕਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ