ਜਲੰਧਰ ਦਿਹਾਤੀ ਦੇ ਕਸਬਾ ਮਹਿਤਪੁਰ ‘ਚ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਲਾਡੀ ਘੁੰਮਣ (35) ਵਾਸੀ ਮਹਿਤਪੁਰ ਵਜੋਂ ਹੋਈ ਹੈ।
ਪੁਲਿਸ ਨੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਹੈ। ਕਾਤਲ ਪ੍ਰੀਤਪਾਲ ਸਿੰਘ ਪ੍ਰੀਤ ਮੂਲ ਰੂਪ ਵਿੱਚ ਯੂਪੀ ਦੇ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਹੈ, ਜਿਸ ਦੀ ਭਾਲ ਵਿੱਚ ਪੁਲਿਸ ਦੀ ਇੱਕ ਟੀਮ ਵੀ ਯੂਪੀ ਵੱਲ ਰਵਾਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਸਮਰਥਕਾਂ ਨੇ ਲਾਸ਼ ਰੱਖ ਕੇ ਸੜਕ ਜਾਮ ਕਰ ਦਿੱਤੀ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਲਾਡੀ ਘੁੰਮਣ ਸ਼ੁੱਕਰਵਾਰ ਸਵੇਰੇ 9 ਵਜੇ ਟਰੈਕਟਰ ਲੈ ਕੇ ਆਪਣੇ ਖੇਤ ਗਿਆ ਸੀ। ਲਖੀਮਪੁਰ ਖੀਰੀ ਦਾ ਰਹਿਣ ਵਾਲਾ ਪ੍ਰੀਤਪਾਲ ਸਿੰਘ ਪ੍ਰੀਤ ਪਹਿਲਾਂ ਹੀ ਉਥੇ ਬੈਠਾ ਸੀ। ਉਸ ਨੇ ਆਪਣੀ ਲਾਇਸੈਂਸੀ ਪੰਪ ਬੰਦੂਕ ਨਾਲ ਲਾਡੀ ‘ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਲਾਡੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਰਿਸ਼ਤੇਦਾਰਾਂ ਨੇ ਲਾਡੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੌਜਵਾਨ ਦੇ ਕਤਲ ਦੀ ਸੂਚਨਾ ਮਿਲਦਿਆਂ ਹੀ ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਪੁਲੁਸ ਫੋਰਸ ਨਾਲ ਪੁੱਜੇ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।
ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੀਤਪਾਲ ਸਿੰਘ ਪ੍ਰੀਤ ਮੂਲ ਰੂਪ ਵਿੱਚ ਯੂਪੀ ਦੇ ਲਖੀਮਪੁਰ ਖੀਰੀ ਦਾ ਰਹਿਣ ਵਾਲਾ ਹੈ ਅਤੇ ਮਹਿਤਪੁਰ ਵਿੱਚ ਵਿਆਹਿਆ ਹੋਇਆ ਸੀ। 35 ਸਾਲਾ ਪ੍ਰੀਤਪਾਲ ਸਿੰਘ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਲਈ ਆਪਣੇ ਸਹੁਰੇ ਘਰ ਆਉਂਦਾ ਸੀ। ਲਾਡੀ ਦੀ ਜ਼ਮੀਨ ਉਸ ਦੇ ਸਹੁਰਿਆਂ ਦੀ ਜ਼ਮੀਨ ਦੇ ਨਾਲ ਹੀ ਲਗਦੀ ਸੀ, ਜਿਸ ਦਾ ਰਸਤਾ ਪ੍ਰੀਤਪਾਲ ਦੀ ਜ਼ਮੀਨ ਦੇ ਨਾਲ ਹੀ ਲੰਘਦਾ ਸੀ। ਮੁਲਜ਼ਮ ਇਸ ਰਸਤੇ ਨੂੰ ਬੰਦ ਕਰਨਾ ਚਾਹੁੰਦਾ ਸੀ ਅਤੇ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸ਼ੁੱਕਰਵਾਰ ਨੂੰ ਜਦੋਂ ਲਾਡੀ ਆਪਣੀ ਜ਼ਮੀਨ ‘ਤੇ ਟਰੈਕਟਰ ਚਲਾ ਰਿਹਾ ਸੀ ਤਾਂ ਪ੍ਰੀਤਪਾਲ ਨੇ ਤਿੰਨ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।
ਪ੍ਰੀਤਪਾਲ ਸਿੰਘ ਨੇ ਪਹਿਲਾਂ ਵੀ ਗੋਲੀ ਚਲਾ ਕੇ ਦਹਿਸ਼ਤ ਫੈਲਾਈ ਸੀ, ਜਿਸ ਕਾਰਨ ਤਿੰਨ ਮਹੀਨੇ ਪਹਿਲਾਂ ਸਥਾਨਕ ਐਸ.ਐਸ.ਪੀ ਨੇ ਡਿਪਟੀ ਕਮਿਸ਼ਨਰ ਨੂੰ ਉਸ ਦਾ ਅਸਲਾ ਲਾਇਸੈਂਸ ਰੱਦ ਕਰਨ ਲਈ ਪੱਤਰ ਭੇਜਿਆ ਸੀ, ਪਰ ਡੀਸੀ ਨੇ ਇਸ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਦੋਸ਼ੀ ਦਾ ਲਾਇਸੈਂਸ ਰੱਦ ਕੀਤਾ।