ਆਕਲੈਂਡ ਤੋੰ ਬਾਹਰ ਰਹਿੰਦੇ ਲੋਕਾਂ ਨੂੰ ਜਲਦ ਤੋੰ ਜਲਦ ਕੋਵਿਡ ਵੈਕਸੀਨ ਦੀਆਂ ਦੋਵੇੰ ਡੋਜ਼ ਲੈਣ ਦੀ ਅਪੀਲ ਕਰਦਿਆਂ ਕੋਵਿਡ ਮਾਮਲਿਆਂ ਬਾਰੇ ਮੰਤਰੀ ਕ੍ਰਿਸ ਹਿਪਕਿਨਸ ਨੇ ਚੇਤਾਵਨੀ ਦਿੱਤੀ ਹੈ ਕਿ ਅਸੀੰ ਕੋਵਿਡ ਨੂੰ ਲੰਬੇ ਸਮੇੰ ਤੱਕ ਆਕਲੈਂਡ ਤੱਕ ਸੀਮਤ ਨਹੀੰ ਰੱਖ ਸਕਦੇ।ਉਨ੍ਹਾਂ ਕਿਹਾ ਕਿ ਆਕਲੈਂਡ ਤੋੰ ਬਾਹਰੀ ਇਲਾਕਿਆਂ ਦੇ ਕੁਝ ਲੋਕ ਇਹ ਸੋਚਦੇ ਹਨ ਕਿ ਕੋਵਿਡ ਸਿਰਫ ਆਕਲੈਂਡ ਵਾਲਿਆਂ ਦੇ ਲਈ ਹੀ ਮਸਲਾ ਹੈ,ਜੋ ਕਿ ਬਿਲਕੁੱਲ ਗਲਤ ਹੈ ।
ਉਨ੍ਹਾਂ ਕਿਹਾ ਕਿ ਪਾਬੰਦੀਆਂ ‘ਚ ਢਿੱਲ ਮਿਲਦਿਆਂ ਦੀ ਕੋਵਿਡ ਦੇ ਕੇਸ ਹੋਰਨਾਂ ਇਲਾਕਿਆਂ ‘ਚ ਵੀ ਸਾਹਮਣੇ ਆਉਣਗੇ ਤੇ ਜਿਹੜੇ ਲੋਕ ਵੈਕਸੀਨ ਨਹੀਂ ਲਗਵਾ ਰਹੇ ਉਹ ਆਸਾਨੀ ਨਾਲ ਇਸ ਵਾਇਰਸ ਦੀ ਚਪੇਟ ‘ਚ ਆ ਸਕਦੇ ਹਨ ।
ਦੱਸ ਦੇਈਏ ਕਿ ਨੌਰਥਲੈੰਡ,ਲੇਕਸ,ਵੈਸਟ ਕੋਸਟ ਤੇ ਕਈ ਹੋਰ ਅਜਿਹੇ ਇਲਾਕੇ ਅਜੇ ਵੀ ਹਨ ਜਿੱਥੇ ਵੈਕਸੀਨੇਸ਼ਨ ਕਾਫੀ ਘੱਟ ਹੋ ਰਹੀ ਹੈ ।ਸਿਹਤ ਵਿਭਾਗ ਵੱਲੋੰ ਹੁਣ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਕਲੈਂਡ ‘ਚ ਪਾਬੰਦੀਆਂ ਖੁੱਲਣ ਤੋੰ ਪਹਿਲਾਂ ਪਹਿਲਾਂ ਵੈਕਸੀਨ ਦੀਆਂ ਦੋਵੇਂ ਡੋਜ਼ ਜਰੂਰ ਲੈ ਲਈਆਂ ਜਾਣ ।
ਸਿਹਤ ਵਿਭਾਗ ਤੇ ਸਰਕਾਰ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਆਕਲੈਂਡ ‘ਚ ਵੈਕਸੀਨ ਦੀਆਂ ਦੋਵੇੰ ਡੋਜ਼ ਲੈਣ ਵਾਲਿਆਂ ਦੀ ਗਿਣਤੀ ਇਸ ਮਹੀਨੇ ਦੇ ਅੰਤ ਤੱਕ 90 ਫੀਸਦੀ ਤੋੰ ਉੱਪਰ ਹੋ ਜਾਵੇਗੀ ਤੇ ਇਸ ਤੋੰ ਬਾਅਦ ਆਕਲੈਂਡ ਵਾਲਿਆਂ ਨੂੰ ਦੇਸ਼ ‘ਚ ਘੁੰਮਣ ਫਿਰਣ ਲਈ ਵੀ ਨਹੀੰ ਰੋਕਿਆ ਜਾਵੇਗਾ ।