ਸਾਲ 2010 ‘ਚ ਨੈਸ਼ਨਲ ਪਾਰਟੀ ਦੀ ਸਰਕਾਰ ਵੱਲੋੰ ਨਿਊਜ਼ੀਲੈਂਡ ‘ਚ ਲਾਗੂ ਕੀਤੇ ਗਏ ਵਿਵਾਦਿਤ ‘ਥਰੀ ਸਟ੍ਰਾਈਕ ਕਾਨੂੰਨ’ ਨੂੰ ਮੌਜੂਦਾ ਲੇਬਰ ਸਰਕਾਰ ਵੱਲੋੰ ਰੱਦ ਕਰ ਦਿੱਤਾ ਗਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਮੰਤਰੀ ਕ੍ਰਿਸ ਫਾਫੋਈ ਨੇ ਦੱਸਿਆ ਕਿ ‘ਥਰੀ ਸਟ੍ਰਾਈਕ ਕਾਨੂੰਨ’ ਇੱਕ ਅਜਿਹਾ ਕਾਨੂੰਨ ਸੀ ਜਿਸ ਦੇ ਤਹਿਤ ਕਈ ਲੋਕਾਂ ਨੂੰ ਸਖਤ ਸਜ਼ਾਵਾਂ ਭੁਗਤਣੀਆਂ ਪਈਆਂ ਹਨ,ਜਦੋਂਕਿ ਉਨ੍ਹਾਂ ਵੱਲੋੰ ਕੀਤੇ ਗਏ ਅਪਰਾਧ ਜਿਆਦਾ ਗੰਭੀਰ ਨਹੀੰ ਸਨ ।
ਜਿਕਰਯੋਗ ਹੈ ਕਿ ‘ਥਰੀ ਸਟ੍ਰਾਈਕ ਕਾਨੂੰਨ’ ਦੇ ਤਹਿਤ ਤੀਜੀ ਵਾਰ ਅਪਰਾਧ ਕਰਨ ਵਾਲੇ ਨੂੰ ਬਿਨ੍ਹਾਂ ਪੈਰੋਲ ਸਖਤ ਤੋੰ ਸਖਤ ਸਜ਼ਾ ਦਿੱਤੀ ਜਾ ਸਕਦੀ ਸੀ ।ਕਾਨੂੰਨ ਦੇ ਰੱਦ ਹੋਣ ਤੇ ਨੈਸ਼ਨਲ ਪਾਰਟੀ ਨੇ ਫੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਅਪਰਾਧ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹੋਣਗੇ ਤੇ ਲੋਕਾਂ ਨੂੰ ਇਨਸਾਫ਼ ਵੀ ਘੱਟ ਮਿਲੇਗਾ ।
ਦੱਸ ਦੇਈਏ ਕਿ ਲੇਬਰ ਪਾਰਟੀ ਵੱਲੋੰ ਸਾਲ 2017 ਦੇ ਵਿੱਚ ਵੀ ‘ਥਰੀ ਸਟ੍ਰਾਈਕ ਕਾਨੂੰਨ’ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ,ਪਰ ਉਸ ਸਮੇੰ ਭਾਈਵਾਲ ਪਾਰਟੀ ਐੱਨਜੈੱਡ ਫਰਸਟ ਵੱਲੋੰ ਕਾਨੂੰਨ ਰੱਦ ਕਰਨ ਦੇ ਮਤੇ ਦੇ ਵਿਰੋਧ ‘ਚ ਵੋਟ ਪਾ ਕੇ ਲੇਬਰ ਪਾਰਟੀ ਨੂੰ ਅਜਿਹਾ ਕਰਨ ਤੋੰ ਰੋਕ ਦਿੱਤਾ ਸੀ ।ਇਸ ਵਾਰ ਪੂਰਨ ਬਹੁਮਤ ਦਾ ਫਾਇਦਾ ਲੈਂਦਿਆਂ ਲੇਬਰ ਸਰਕਾਰ ਵੱਲੋੰ ਆਪਣੇ ਦਮ ਤੇ ਹੀ ‘ਥਰੀ ਸਟ੍ਰਾਈਕ ਕਾਨੂੰਨ’ ਨੂੰ ਰੱਦ ਕਰ ਦਿੱਤਾ ਗਿਆ ਹੈ ।