ਮੈਥਿਊ ਵੇਡ ਨੂੰ ਜੀਵਨਦਾਨ ਮਿਲਣ ਤੋਂ ਬਾਅਦ ਸ਼ਾਹੀਨ ਸ਼ਾਹ ਅਫਰੀਦੀ ‘ਤੇ ਲਗਾਤਾਰ ਤਿੰਨ ਛੱਕਿਆਂ ਤੇ ਮਾਰਕਸ ਸਟੋਇੰਸ ਦੇ ਨਾਲ 40 ਗੇਂਦਾਂ ‘ਤੇ 81 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ, ਜਿਸ ਨਾਲ ਆਸਟਰੇਲੀਆ ਨੇ ਵੀਰਵਾਰ ਨੂੰ ਇੱਥੇ ਕੁਝ ਅਹਿਮ ਪਲਾਂ ‘ਚੋਂ ਲੰਘਦੇ ਹੋਏ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ, ਜਿੱਥੇ ਉਸਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ।
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ ‘ਤੇ 176 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ ‘ਚ ਆਸਟਰੇਲੀਆ ਨੇ 19 ਓਵਰਾਂ ਵਿਚ ਪੰਜ ਵਿਕਟਾਂ ‘ਤੇ 177 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਨਿਊਜ਼ੀਲੈਂਡ ਨੇ ਪਹਿਲੇ ਸੈਮੀਫਾਈਨਲ ਮੈਚ ਵਿਚ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ।
ਪਾਕਿਸਤਾਨ ਨੇ ਆਪਣੇ ਓਪਨਰ ਮੁਹੰਮਦ ਰਿਜ਼ਵਾਨ (67) ਤੇ ਫਖਰ ਜ਼ਮਾਨ (ਅਜੇਤੂ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਦੇ ਵਿਰੁੱਧ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਵੀਰਵਾਰ ਨੂੰ 20 ਓਵਰਾਂ ਵਿਚ ਚਾਰ ਵਿਕਟਾਂ ‘ਤੇ 176 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।
ਰਿਜ਼ਵਾਨ ਤੇ ਕਪਤਾਨ ਬਾਬਰ ਆਜ਼ਮ ਨੇ ਓਪਨਿੰਗ ਸਾਂਝੇਦਾਰੀ ਵਿਚ 10 ਓਵਰਾਂ ਵਿਚ 71 ਦੌੜਾਂ ਜੋੜੀਆਂ। ਆਜ਼ਮ 34 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 39 ਦੌੜਾਂ ਬਣਾ ਕੇ ਲੈੱਗ ਸਪਿਨਰ ਐਡਮ ਜ਼ਾਂਪਾ ਦਾ ਸ਼ਿਕਾਰ ਬਣੇ। ਰਿਜ਼ਵਾਨ ਨੇ ਫਿਰ ਜ਼ਮਾਨ ਦੇ ਨਾਲ ਦੂਜੇ ਵਿਕਟ ਦੇ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ 52 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਸਟੀਵਨ ਸਮਿੱਥ ਦੇ ਹੱਥੋਂ ਕੈਚ ਆਊਟ ਹੋਏ। ਆਸਟਰੇਲੀਆ ਨੇ ਸ਼ੁਰੂ ‘ਚ ਆਪਣਾ ਵਿਕਟ ਗੁਆਇਆ। ਇਸ ਦੌਰਾਨ ਡੇਵਿਡ ਵਾਰਨਰ (30 ਗੇਂਦਾਂ ‘ਤੇ 49 ਦੌੜਾਂ, ਤਿੰਨ ਚੌਕੇ, ਤਿੰਨ ਛੱਕੇ) ਨੇ ਦੌੜਾਂ ਦੀ ਗਤੀ ਬਣਾਏ ਰੱਖੀ। ਇਸ ਤੋਂ ਬਾਅਦ ਵੇਡ (17 ਗੇਂਦਾਂ ਵਿਚ ਅਜੇਤੂ 41 ਦੌੜਾਂ, 2 ਚੌਕੇ , ਚਾਰ ਛੱਕੇ) ਤੇ ਸਟੋਇੰਸ (31 ਗੇਂਦਾਂ ‘ਤੇ ਅਜੇਤੂ 40, 2 ਚੌਕਿਆਂ, 2 ਛੱਕਿਆਂ) ਨੇ ਆਪਣੀ ਹਮਲਾਵਰਤਾ ਦਾ ਖੂਬਸੂਰਤ ਨਜ਼ਾਰਾ ਪੇਸ਼ ਕੀਤਾ।
ਰਿਜ਼ਵਾਨ ਨੇ ਆਪਣਾ 11ਵਾਂ ਟੀ-20 ਅਰਧ ਸੈਂਕੜਾ ਲਗਾਇਆ।
ਸੰਭਾਵਿਤ ਪਲੇਇੰਗ ਇਲੈਵਨ
ਪਾਕਿਸਤਾਨ :- ਮੁਹੰਮਦ ਰਿਜ਼ਵਾਨ (ਵਿਕਟਕੀਪਰ), ਬਾਬਰ ਆਜ਼ਮ (ਕਪਤਾਨ), ਫਖ਼ਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਾਰਿਸ ਰਊਫ, ਸ਼ਾਹੀਨ ਸ਼ਾਹ ਅਫ਼ਰੀਦੀ।
ਆਸਟਰੇਲੀਆ :- ਡੇਵਿਡ ਵਾਰਨਰ, ਐਰੋਨ ਫਿੰਚ (ਕਪਤਾਨ), ਮਿਸ਼ੇਲ ਮਾਰਸ਼, ਸਟੀਵ ਸਮਿੱਥ, ਗਲੇਨ ਮੈਕਸਵੈੱਲ, ਮਾਰਕਸ ਸਟੋਈਨਿਸ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਜੋਸ਼ ਹੇਜ਼ਲਵੁੱਡ।