ਕਰਤਾਰਪੁਰ ਲਾਂਘਾ (Kartarpur corridor) ਖੁੱਲ੍ਹਣ ਨਾਲ ਭਾਰਤ (India) ਅਤੇ ਦੁਨੀਆ ਭਰ ਵਿਚ ਵੱਸਦੇ ਸਿੱਖ ਭਾਈਚਾਰੇ (Sikh community) ਵਿਚ ਖੁਸ਼ੀ ਦੀ ਲਹਿਰ ਹੈ। ਲਾਂਘਾ ਖੁੱਲ੍ਹਣ ਨਾਲ ਵੰਡ ਤੋਂ ਬਾਅਦ ਵੱਖ ਹੋਏ ਦੋ ਦੋਸਤਾਂ ਦੀ ਮੁਲਾਕਾਤ ਹੋਈ। ਭਾਰਤ ਵਿਚ ਰਹਿਣ ਵਾਲੇ ਸਰਦਾਰ ਗੋਪਾਲ ਸਿੰਘ ਆਪਣੇ ਬਚਪਨ ਦੇ ਦੋਸਤ ਮੁਹੰਮਦ ਬਸ਼ੀਰ ਤੋਂ 1947 ਦੀ ਵੰਡ ਸਮੇਂ ਵੱਖ ਹੋ ਗਏ ਸਨ। ਇੰਨੇ ਲੰਬੇਂ ਸਮੇਂ ਬਾਅਦ ਇੱਕ ਦੂਜੇ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾ ਲਈ। ਇਸ ਸਮੇਂ ਸਰਦਾਰ ਗੋਪਾਲ ਸਿੰਘ ਦੀ ਉਮਰ 94 ਸਾਲ ਹੈ ਜਦੋਂ ਕਿ ਮੁਹੰਮਦ ਬਸ਼ੀਰ ਦੀ ਉਮਰ 91 ਸਾਲ ਹੈ।
ਭਾਰਤ ਤੋਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਗੋਪਾਲ ਸਿੰਘ
ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਸਰਦਾਰ ਗੋਪਾਲ ਸਿੰਘ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਆਇਆ ਸੀ। ਪਾਕਿਸਤਾਨ ਦੇ ਨਾਰੋਵਾਲ ਦਾ ਰਹਿਣ ਵਾਲਾ ਮੁਹੰਮਦ ਬਸ਼ੀਰ ਵੀ ਗੁਰਦੁਆਰਾ ਸਾਹਿਬ ਪਹੁੰਚਿਆ ਸੀ। ਇਸ ਦੌਰਾਨ ਜਦੋਂ ਦੋਹਾਂ ਨੇ ਇਕ-ਦੂਜੇ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਇਕ-ਦੂਜੇ ਦੇ ਚਿਹਰੇ ਜਾਣੇ-ਪਛਾਣੇ ਲੱਗੇ। ਕੁਝ ਪੁੱਛ-ਪੜਤਾਲ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਪਛਾਣ ਲਿਆ।ਇਸ ਮਗਰੋਂ ਦੋਵੇਂ ਜੱਫੀ ਪਾ ਕੇ ਇਕ-ਦੂਜੇ ਦੇ ਗਲੇ ਮਿਲੇ।
ਲੋਕਾਂ ਦੀਆਂ ਅੱਖਾਂ ਹੋਈਆਂ ਨਮ
ਇਹ ਮੌਕਾ ਇੰਨਾ ਭਾਵੁਕ ਸੀ ਕਿ ਉੱਥੇ ਮੌਕੇ ‘ਤੇ ਮੌਜੂਦ ਭਾਰਤੀ ਸ਼ਰਧਾਲੂ ਅਤੇ ਪਾਕਿਸਤਾਨੀ ਨਾਗਰਿਕਾਂ ਦੀਆਂ ਅੱਖਾਂ ਨਮ ਹੋ ਗਈਆਂ। ਵੰਡ ਵੇਲੇ ਵਿਛੜੇ ਇਨ੍ਹਾਂ ਦੋਹਾਂ ਦੋਸਤਾਂ ਦੀ ਮੁਲਾਕਾਤ ‘ਤੇ ਸਾਰਿਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਭਾਰਤ, ਪਾਕਿਸਤਾਨ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਪਹੁੰਚੇ ਸ਼ਰਧਾਲੂਆਂ ਨੇ ਇਨ੍ਹਾਂ ਦੋਹਾਂ ਦੋਸਤਾਂ ਨੂੰ ਵਧਾਈ ਦਿੱਤੀ। ਦੋਵੇਂ ਪੁਰਾਣੇ ਦੋਸਤਾਂ ਨੇ ਆਪਣੇ ਬਚਪਨ ਅਤੇ ਜਵਾਨੀ ਦੇ ਕਿੱਸੇ ਵੀ ਸੁਣਾਏ।
ਗੋਪਾਲ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਬਣਨ ਦੌਰਾਨ ਦੋਵੇਂ ਨੌਜਵਾਨ ਸਨ। ਬਸ਼ੀਰ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਵੀ ਦੋਵੇਂ ਦੋਸਤ ਬਾਬਾ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰੇ ਜਾਂਦੇ ਸਨ। ਇਨ੍ਹਾਂ ਦੋਹਾਂ ਦੋਸਤਾਂ ਨੇ ਇਕੱਠੇ ਦੁਪਹਿਰ ਦਾ ਭੋਜਨ ਖਾਧਾ ਅਤੇ ਚਾਹ ਪੀਤੀ। ਗੋਪਾਲ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ।