ਨੈਸ਼ਨਲ ਪਾਰਟੀ ਨੇ ਜੁਡਿਥ ਕੋਲਿੰਸ ਨੂੰ ਪ੍ਰਧਾਨਗੀ ਤੋਂ ਲਾਹਿਆ,ਅਗਲੇ ਮੰਗਲਵਾਰ ਹੋਵੇਗੀ ਨਵੇਂ ਪ੍ਰਧਾਨ ਦੀ ਚੋਣ..
ਵਿਰੋਧੀ ਧਿਰ ਨੈਸ਼ਨਲ ਪਾਰਟੀ ਵੱਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਹੈਰਾਨੀਜਨਕ ਫੈਸਲੇ ਦੇ ਤਹਿਤ ਪਾਰਟੀ ਪ੍ਰਧਾਨ ਤੇ ਵਿਰੋਧੀ ਧਿਰ ਦੀ ਨੇਤਾ ਜੁਡਿਥ ਕੋਲਿੰਸ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ।ਜੁਡਿਥ ਕੋਲਿੰਸ ਵਿਰੁੱਧ ਇਹ ਕਾਰਵਾਈ ਬੀਤੀ ਕੱਲ੍ਹ ਉਨ੍ਹਾਂ ਵੱਲੋਂ ਪਾਰਟੀ ਦੇ ਸਾਬਕਾ ਪ੍ਰਧਾਨ ਸਾਈਮਨ ਬ੍ਰਿਜਸ ਨੂੰ ਪਾਰਟੀ ਦੇ ਬੁਲਾਰੇ ਦੇ ਅਹੁਦੇ ਤੋਂ ਹਟਾਉਣ ਤੋੰ ਬਾਅਦ ਕੀਤੀ ਗਈ ਹੈ ।
ਨੈਸ਼ਨਲ ਪਾਰਟੀ ਦੇ ਮੈਂਬਰਾਂ ਦਾ ਦੋਸ਼ ਹੈ ਕਿ ਪਾਰਟੀ ਪ੍ਰਧਾਨ ਨੇ ਪਾਰਟੀ ਦੇ ਸੰਵਿਧਾਨ ਦੇ ਉਲਟ ਜਾ ਕੇ ਬਿਨਾਂ ਕਿਸੇ ਨਾਲ ਸਲਾਹ ਮਸ਼ਵਰਾ ਕੀਤਾ ਉਕਤ ਫੈਸਲਾ ਲਿਆ ਸੀ ।ਜੁਡਿਥ ਕੋਲਿੰਸ ਨੂੰ ਹਟਾ ਕੇ ਹੁਣ ਪਾਰਟੀ ਵੱਲੋਂ ਸ਼ੇਨੀ ਰੇਤੀ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ ।ਨੈਸ਼ਨਲ ਪਾਰਟੀ ਵੱਲੋਂ ਨਵੇਂ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਦੀ ਚੋਣ ਅਗਲੇ ਮੰਗਲਵਾਰ ਕੀਤੀ ਜਾਵੇਗੀ ।ਮੰਨਿਆ ਜਾ ਰਿਹਾ ਹੈ ਕਿ ਨੈਸ਼ਨਲ ਪਾਰਟੀ ਕਿਸੇ ਨਵੇਂ ਚਿਹਰੇ ਨੂੰ ਅੱਗੇ ਲਿਆ ਸਕਦੀ ਹੈ ।