ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਬੁੰਦੇਲਖੰਡ ਵਿੱਚ ਰੈਲੀ ਦੌਰਾਨ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਦੀ ਨਵੀਂ ਖਣਿਜ ਨੀਤੀ, ਕਿਸਾਨਾਂ ਦੀ ਦੁਰਦਸ਼ਾ, ਪਾਣੀ ਦੀ ਸਮੱਸਿਆ, ਬੇਰੁਜ਼ਗਾਰੀ, ਮਹਿੰਗਾਈ ਦੇ ਚੱਲਦਿਆਂ ਬੁੰਦੇਲਖੰਡ ਦਾ ਬੁਰਾ ਹਾਲ ਹੈ। ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਅਸੀਂ ਭਾਜਪਾ ਦੀ ਲੁੱਟ ਨੀਤੀ ਨੂੰ ਖਤਮ ਕਰ ਦੇਵਾਂਗੇ।
ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਨੇ ਵਾਅਦਾ ਕਰਦਿਆਂ ਕਿਹਾ ਕਿ ਜੇਕਰ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ ਅਤੇ ਮਹਿਲਾਵਾਂ ਨੂੰ ਇੱਕ ਸਾਲ ਵਿੱਚ ਤਿੰਨ ਘਰੇਲੂ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਆਰਥਿਕ ਤੰਗੀ ਦੇ ਚੱਲਦਿਆਂ ਦੌਰਾਨ ਬਿਜਲੀ ਬਿੱਲ ਜਮ੍ਹਾ ਨਾ ਕਰਨ ਵਾਲਿਆਂ ਦਾ ਬਿਜਲੀ ਬਿੱਲ ਵੀ ਮੁਆਫ ਕੀਤਾ ਜਾਵੇਗਾ।ਬੁੰਦੇਲਖੰਡ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਿਯੰਕਾ ਨੇ ਕਿਹਾ ਕਿ ਬੁੰਦੇਲਖੰਡ ਦੇ ਸਰੋਤਾਂ ‘ਤੇ ਬੁੰਦੇਲਖੰਡ ਦੇ ਲੋਕਾਂ ਦਾ ਹੱਕ ਹੈ । ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਬੁੰਦੇਲਖੰਡ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ।
ਉਨ੍ਹਾਂ ਕਿਹਾ ਕਿ ਬੁੰਦੇਲਖੰਡ ਵਿੱਚ ਖਾਦ ਦੀ ਘਾਟ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ‘ਤੇ ਕਿਸਾਨਾਂ ‘ਤੇ ਜ਼ੁਲਮ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਦੋ ਸਾਲਾਂ ਵਿੱਚ1500 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਦੱਸ ਦੇਈਏ ਕਿ ਬੁੰਦੇਲਖੰਡ ਦੇ ਵਿਕਾਸ ਲਈ ਕੰਮ ਕਰਨ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਦੀ ਤਰ੍ਹਾਂ ਚੁਣਾਵੀ ਬੁੰਦੇਲਖੰਡ ਵਿਕਾਸ ਬੋਰਡ ਨਹੀਂ ਬਲਕਿ ਇਸ ਦੇ ਲਈ ਸਥਾਈ ਬੁੰਦੇਲਖੰਡ ਵਿਕਾਸ ਬੋਰਡ ਹੋਵੇਗਾ । ਬੁੰਦੇਲਖੰਡ ਵਿਕਾਸ ਬੋਰਡ ਲਈ ਹਰ ਸਾਲ ਵਿਕਾਸ ਬਜਟ ਦਿੱਤਾ ਜਾਵੇਗਾ।