ਪਿਆਰ ਦੀ ਨਿਸ਼ਾਨੀ ਆਖੇ ਜਾਣ ਵਾਲੇ ਤਾਜ ਮਹਿਲ (Taj Mahal) ਨੂੰ ਵੇਖਣ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਇਸ ਖੂਬਸੂਰਤ ਅਜੂਬੇ ਨੂੰ ਵੇਖ ਕੇ ਹਰ ਕਿਸੇ ਦਾ ਦਿਲ ਖੁਸ਼ ਹੋ ਜਾਂਦਾ ਹੈ। ਆਗਰਾ ਸ਼ਹਿਰ (Agra city) ’ਚ ਸਥਿਤ ਵਿਸ਼ਵ ਵਿਰਾਸਤ ਸਫੈਦ ਸੰਗਮਰਮਰ ਦਾ ਮਕਬਰਾ ਹੈ। ਇਸ ਦਾ ਨਿਰਮਾਣ ਮੁਗਲ ਸਮਰਾਟ ਸ਼ਾਹਜਹਾਂ (Mughal Emperor Shah Jahan) ਨੇ ਆਪਣੀ ਪਤਨੀ ਮੁਮਤਾਜ (Mumtaz) ਦੀ ਯਾਦ ’ਚ ਬਣਵਾਇਆ ਸੀ। ਹੁਣ ਇਸ ਤਰ੍ਹਾਂ ਦੇ ਤਾਜ ਮਹਿਲ ਨੂੰ ਮੱਧ ਪ੍ਰਦੇਸ਼ (Madhya Pradesh) ’ਚ ਰਹਿਣ ਵਾਲੇ ਆਨੰਦ ਪ੍ਰਕਾਸ਼ ਚੌਕਸੇ (Anand Prakash Chouksey) ਨੇ ਬਣਵਾਇਆ ਹੈ। ਚੌਕਸੇ ਨੇ ਆਪਣੀ ਪਤਨੀ ਨੂੰ ਤਾਜ ਮਹਿਲ ਵਰਗਾ ਘਰ ਤੋਹਫ਼ੇ ਦੇ ਰੂਪ ਵਿਚ ਦਿੱਤਾ ਹੈ। ਇਹ ਘਰ ਵੇਖਣ ’ਚ ਪੂਰੀ ਤਰ੍ਹਾਂ ਤਾਜ ਮਹਿਲ ਵਾਂਗ ਲੱਗਦਾ ਹੈ।
ਮੱਧ ਪ੍ਰਦੇਸ਼ ਦੇ ਇਤਿਹਾਸਕ ਸ਼ਹਿਰ ਬੁਰਹਾਨਪੁਰ ਵਾਸੀ ਆਨੰਦ ਪ੍ਰਕਾਸ਼ ਮੁਤਾਬਕ ਉਹ ਲੰਬੇਂ ਸਮੇਂ ਤੋਂ ਇਸ ਘਰ ਨੂੰ ਬਣਵਾਉਣ ਬਾਰੇ ਸੋਚ ਰਹੇ ਸਨ। ਅੱਜ ਉਨ੍ਹਾਂ ਦਾ ਸੁਫ਼ਨਾ ਪੂਰਾ ਹੋ ਗਿਆ। ਇਹ ਘਰ ਉਨ੍ਹਾਂ ਨੇ ਆਪਣੀ ਪਤਨੀ ਮੰਜੂਸ਼ਾ ਲਈ ਬਣਵਾਇਆ ਹੈ। ਤਾਜ ਮਹਿਲ ਵਾਂਗ ਦਿੱਸਣ ਵਾਲੇ ਇਸ ਘਰ ’ਚ 4 ਬੈੱਡਰੂਮ, ਇਕ ਰਸੋਈ, ਇਕ ਲਾਇਬ੍ਰੇਰੀ ਅਤੇ ਇਕ ਯੋਗਾ ਰੂਮ ਹੈ। ਇਸ ਘਰ ਨੂੰ ਬਣਵਾਉਣ ਲਈ 3 ਸਾਲ ਦਾ ਸਮਾਂ ਲੱਗਾ ਹੈ। ਇੰਨਾ ਹੀ ਨਹੀਂ ਇਸ ਨੂੰ ਬਣਵਾਉਣ ਲਈ ਕਈ ਸੂਬਿਆਂ ਦੇ ਕਾਰੀਗਰਾਂ ਤੋਂ ਮਦਦ ਲਈ ਗਈ ਹੈ, ਤਾਂ ਜਾ ਕੇ ਇਹ ਤਿਆਰ ਹੋਇਆ ਹੈ।
ਚੌਕਸੇ ਨੇ ਕਿਹਾ ਕਿ ਆਪਣੀ ਪਤਨੀ ਨੂੰ ਤਾਜ ਮਹਿਲ ਦੀ ਆਕ੍ਰਿਤੀ ਦਾ ਘਰ ਤੋਹਫ਼ੇ ਵਿਚ ਦਿੱਤਾ ਹੈ। ਮੈਂ ਸੋਚਿਆ ਸੀ ਕਿ ਕੁਝ ਅਜਿਹਾ ਬਣਾਇਆ ਜਾਵੇ, ਜੋ ਭਵਿੱਖ ’ਚ ਚੰਗਾ ਇਤਿਹਾਸ ਹੋ ਸਕੇ। ਮੇਰੀ ਪਤਨੀ ਮੇਰਾ ਬਹੁਤ ਸਹਿਯੋਗ ਕਰਦੀ ਹੈ। ਮੈਂ ਉਸ ਦੀ ਇੱਛਾ ਪੂਰੀ ਕੀਤੀ ਹੈ ਅਤੇ ਮੈਡੀਟੇਸ਼ਨ ਲਈ ਵਿਸ਼ੇਸ਼ ਕਮਰਾ ਬਣਵਾਇਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਘਰ ਨੂੰ ਬਣਵਾਉਣ ਨੂੰ ਲੈ ਕੇ ਉਨ੍ਹਾਂ ਨੇ ਬਾਰੀਕੀ ਨਾਲ ਤਾਜ ਮਹਿਲ ਦਾ ਅਧਿਐਨ ਕੀਤਾ।
ਚੌਕਸੇ ਨੇ ਘਰ ਬਣਾਉਣ ਦੀ ਜ਼ਿੰਮੇਵਾਰੀ ਇੰਜੀਨੀਅਰ ਪ੍ਰਵੀਣ ਚੌਕਸ ਨੂੰ ਸੌਂਪੀ। ਪ੍ਰਵੀਣ ਮੁਤਾਬਕ ਘਰ ਦਾ ਖੇਤਰਫ਼ਲ 90ਗੁਣਾ 90 ਦਾ ਹੈ। ਘਰ ਦੀ ਨੱਕਾਸ਼ੀ ਕਰਨ ਲਈ ਬੰਗਾਲ ਅਤੇ ਇੰਦੌਰ ਦੇ ਕਾਰੀਗਰਾਂ ਨੂੰ ਬੁਲਾਇਆ ਗਿਆ ਸੀ। ਜਦਕਿ ਘਰ ’ਚ ਲੱਗਾ ਫਰਨੀਚਰ ਸੂਰਤ ਅਤੇ ਮੁੰਬਈ ਦੇ ਕਾਰੀਗਰਾਂ ਨੇ ਤਿਆਰ ਕੀਤਾ ਹੈ। ਆਗਰਾ ਦੇ ਕਾਰੀਗਰਾਂ ਦੀ ਮਦਦ ਵੀ ਇਸ ਘਰ ਨੂੰ ਬਣਾਉਣ ਲਈ ਲਈ ਗਈ ਹੈ। ਬੁਰਹਾਨਪੁਰ ਆਉਣ ਵਾਲੇ ਸੈਲਾਨੀ ਆਨੰਦ ਪ੍ਰਕਾਸ਼ ਚੌਕਸੇ ਦੇ ਘਰ ਨੂੰ ਜ਼ਰੂਰ ਵੇਖਣ ਆਉਂਦੇ ਹਨ ਅਤੇ ਇਸ ਘਰ ਨੂੰ ਵੇਖ ਕੇ ਬੋਲਦੇ ਹਨ ਵਾਹ ਕੀਆ ਤਾਜ ਹੈ/