ਅੱਜ ਕੋਵਿਡ ਟਰੈਫਿਕ ਲਾਈਟ ਸਿਸਟਮ ਦੇ ਤਹਿਤ ਨਿਊਜ਼ੀਲੈਂਡ ਨੂੰ ਵੱਖ-ਵੱਖ ਹਿੱਸਿਆਂ ‘ਚ ਵੰਡ ਦਿੱਤਾ ਜਾਵੇਗਾ ।ਅੱਜ ਇਸ ਸੰਬੰਧੀ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਦੁਪਹਿਰ ਨੂੰ ਹੋਵੇਗੀ।ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋੰ ਮੀਟਿੰਗ ਤੋੰ ਬਾਅਦ 4 ਵਜੇ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਐਲਾਨ ਕੀਤੇ ਜਾਣਗੇ ।
ਦੱਸਿਆ ਜਾ ਰਿਹਾ ਹੈ ਕਿ ਗਰੀਨ ਲਾਈਟ ‘ਚ ਕੋਈ ਵੀ ਇਲਾਕਾ ਨਹੀੰ ਰੱਖਿਆ ਜਾਵੇਗਾ ।ਨਿਊਜ਼ੀਲੈਂਡ ਦੇ ਵੱਖ-ਵੱਖ ਇਲਾਕਿਆਂ ‘ਚ ਕੋਵਿਡ ਕੇਸਾਂ ਤੇ ਵੈਕਸੀਨੇਸ਼ਨ ਰੇਟ ਦੇ ਤਹਿਤ ਉਨ੍ਹਾਂ ਨੂੰ ਲਾਲ ਤੇ ਸੰਤਰੀ ਲਾਈਟ ਸਿਸਟਮ ਤਹਿਤ ਵੰਡ ਦਿੱਤਾ ਜਾਵੇਗਾ ।
ਅੱਜ ਵੈਕਸੀਨ ਪਾਸ ਦੀ ਵਰਤੋੰ ਨੂੰ ਲੈ ਕੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ ।ਅੱਜ ਹੋਣ ਵਾਲੇ ਫੈਸਲਿਆਂ ਨੂੰ ਸ਼ੁੱਕਰਵਾਰ ਤੋੰ ਦੇਸ਼ ਭਰ ‘ਚ ਲਾਗੂ ਕਰ ਦਿੱਤਾ ਜਾਵੇਗਾ ।ਜਿਕਰਯੋਗ ਹੈ ਕਿ ਇਸ ਵੇਲੇ 2 ਮਿਲੀਅਨ ਤੋੰ ਜਿਆਦਾ ਲੋਕਾਂ ਵੱਲੋੰ ਆਪਣੇ ਵੈਕਸੀਨ ਪਾਸ ਹਾਸਿਲ ਕਰ ਲਏ ਗਏ ਹਨ ।ਵੈਕਸੀਨ ਪਾਸ ਦੀ ਵਰਤੋੰ ਸ਼ੁਰੂ ਹੁੰਦੇ ਹੀ ਵੈਕਸੀਨ ਨਾ ਲਗਵਾਉਣ ਵਾਲਿਆਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹੋ ਜਾਣਗੀਆਂ ।
ਅੱਜ ਦਾ ਦਿਨ ਆਕਲੈਂਡ ਵਾਸੀਆਂ ਲਈ ਵੀ ਕਾਫੀ ਅਹਿਮ ਰਹੇਗਾ ।ਆਕਲੈੰਡ ਦੇ ਬਾਰਡਰ ਖੋਲ੍ਹਣ ਤੇ ਆਕਲੈਂਡ ਵਾਸੀਆਂ ਨੂੰ ਖੁੱਲ੍ਹ ਮਿਲਣ ਦੀਆਂ ਸੰਭਾਵਨਾਵਾਂ ਵੀ ਅੱਜ ਤੈਅ ਕੀਤੀਆਂ ਜਾਣਗੀਆਂ ।