ਆਕਲੈਂਡ ਤੇ ਹਮਿਲਟਨ ਵਿਚਾਲੇ ਚੱਲਣ ਵਾਲੀ ਰੇਲ ਗੱਡੀ ਹਾਲ ਦੀ ਘੜੀ ਘਾਟੇ ਦਾ ਸੌਦਾ ਸਾਬਤ ਹੁੰਦੀ ਨਜ਼ਰ ਆ ਰਹੀ ਹੈ ।ਜਾਣਕਾਰੀ ਮੁਤਾਬਿਕ ਵਾਇਕਾਟੋ-ਆਕਲੈਂਡ ਵਿਚਾਲੇ ਚੱਲਣ ਵੱਲੀ Te Huia ਟਰੇਨ ਨੇ ਅਪਰੈਲ ਮਹੀਨੇ ਤੋਂ ਲੈ ਕੇ ਅਕਤੂਬਰ ਤੱਕ ਸਿਰਫ $298,062 ਦੀ ਕਮਾਈ ਕੀਤੀ ਹੈ,ਜਦੋੰਕਿ ਇਸ ਟਰੇਨ ਤੇ ਉਕਤ ਸਮੇੰ ਦੌਰਾਨ 3 ਮਿਲੀਅਨ ਡਾਲਰ ਤੋਂ ਵੀ ਉੱਪਰ ਖ਼ਰਚਾ ਆ ਚੁੱਕਾ ਹੈ ।
ਇਸ ਟਰੇਨ ਦੇ ਚੱਲਦੇ ਅਪ੍ਰੈਲ ਤੋਂ ਲੈ ਕੇ ਅਕਤੂਬਰ ਮਹੀਨੇ ਤਕ 27 ਲੱਖ 34 ਹਜ਼ਾਰ ਡਾਲਰ ਦਾ ਘਾਟਾ ਸਹਿਣਾ ਪਿਆ ਹੈ । ਜ਼ਿਕਰਯੋਗ ਹੈ ਕਿ ਕੋਵਿਡ ਦੇ ਚੱਲਦੇ ਇਹ ਟ੍ਰੇਨ ਅਗਸਤ ਮਹੀਨੇ ਤੋਂ ਬੰਦ ਵੀ ਪਈ ਹੈ,ਇਸ ਦੇ ਬਾਵਜੂਦ 2 ਲੱਖ ਡਾਲਰ ਦੇ ਕਰੀਬ ਖਰਚਾ ਹਰ ਮਹੀਨੇ ਝੱਲਣਾ ਪੈ ਰਿਹਾ ਹੈ ।
7 ਦਸੰਬਰ ਨੂੰ ਹਮਿਲਟਨ ਸਿਟੀ ਕੌਂਸਲ ਦੀ ਹੋ ਰਹੀ ਮੀਟਿੰਗ ਚ ਇਸ ਟਰੇਨ ਤੇ ਪੈ ਰਹੇ ਘਾਟੇ ਸਬੰਧੀ ਵਿਚਾਰ ਚਰਚਾ ਕੀਤੀ ਜਾਣੀ ਹੈ ।ਹੈਮਿਲਟਨ ਸਿਟੀ ਦੇ ਇਕ ਕੌਂਸਲਰ ਦਾ ਕਹਿਣਾ ਹੈ ਕਿ ਪੰਜ ਮਹੀਨੇ ਦੇ ਵਿੱਚ ਕੋਈ ਵੀ ਅੰਦਾਜ਼ਾ ਲਗਾਉਣਾ ਗਲਤ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਟ੍ਰੇਨ ਦੇ ਚੱਲਣ ਦੇ ਨਾਲ ਆਕਲੈਂਡ ਤੇ ਹਮਿਲਟਨ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਘਾਟੇ ਦੇ ਬਾਵਜੂਦ ਇਸ ਨੂੰ ਆਉਣ ਵਾਲੇ ਕੁਝ ਸਮੇਂ ਦੇ ਲਈ ਚਾਲੂ ਰੱਖਣਾ ਚਾਹੀਦਾ ਹੈ ।ਉਨ੍ਹਾਂ ਕਿਹਾ ਕਿ ਮਾਹਿਰ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਇਕ ਜਾਂ ਦੋ ਸਾਲਾਂ ਦੇ ਵਿੱਚ ਇਹ ਟ੍ਰੇਨ ਘਾਟੇ ਦੀ ਜਗ੍ਹਾ ਵਾਧੇ ਦਾ ਸੌਦਾ ਸਾਬਤ ਹੋਵੇਗੀ ।
Te Huia ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਗਲੇ ਸਾਲ ਫਰਵਰੀ ਮਹੀਨੇ ਤੋੰ ਇਸ ਟਰੇਨ ਨੂੰ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ ।