ਗੋਰਿਆਂ ਨੂੰ ਢੋਲ ਦੇ ਡਗੇ ਤੇ ਨਚਾਉਣ ਵਾਲੇ ਅਤੇ 52 ਸਾਲਾਂ ਤੋਂ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਨਵੇਂ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਇੰਟਰਨੈਸ਼ਨਲ ਆਰਟਿਸਟ ਗੁਰਚਰਨ ਮੱਲ (ਢੋਲ ਕਿੰਗ) ਨੂੰ ਉਹਨਾਂ ਦੁਆਰਾ ਲਗਾਏ ਨਵੇਂ ਮੀਲ ਪੱਥਰਾਂ ਨੂੰ ਲੈ ਕੇ ਨਿਊਜ਼ੀਲੈਂਡ ਦੇ ਪਹਿਲੇ ਪੰਜਾਬੀ ਵੈਬ ਚੈਨਲ ਡੇਲੀ ਖਬਰ ਵੱਲੋ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਡੇਲੀ ਖ਼ਬਰ ਦੀ ਇੰਡੀਆ ਵਾਲੀ ਟੀਮ ਵੱਲੋ ਜਲੰਧਰ ‘ਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਗੁਰਚਰਨ ਮੱਲ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਨਮਾਨ ਪ੍ਰਾਪਤੀ ਤੋਂ ਬਾਅਦ ਢੋਲ ਕਿੰਗ ਮੱਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਜਿਥੇ ਉਕਤ ਸਮਾਗਮ ਅਤੇ ਸਨਮਾਨ ਲਈ ਡੇਲੀ ਖ਼ਬਰ ਟੀਮ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਦੱਸਿਆ ਕਿ ਉਹਨਾਂ ਵਲੋਂ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਪੰਜਾਬ ਦੇ ਲੋਕ ਸਾਜ਼ ਢੋਲ ਦੀ ਧਾਂਕ ਜਮਾਈ ਅਤੇ ਬਹੁਤ ਸਾਰੇ ਵਿਸ਼ਵ ਰਿਕਾਰਡ ਬਣਾਉਣ ਦੇ ਨਾਲ ਨਾਲ ਕਈ ਵਾਰ ਅਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਵਿੱਚ ਦਰਜ਼ ਕਰਵਾਇਆ ਹੈ।
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਹਿਲੀ ਵਾਰ ਇੰਗਲੈਂਡ ਵਿਖੇ 315 ਢੋਲੀਆਂ ਨੂੰ ਇੱਕ ਹੀ ਸਟੇਜ ‘ਤੇ ਇਕੱਠੇ ਕਰਕੇ ਪਹਿਲਾ ਵਿਸ਼ਵ ਰਿਕਾਰਡ ਕਾਇਮ ਕੀਤਾ ਜਿਸਨੂੰ ਦੂਸਰੀ ਉਹਨਾਂ ਵੱਲੋਂ ਹੀ 632 ਢੋਲ ਇੱਕਠੇ ਕਰਕੇ ਤੋੜਿਆ ਗਿਆ ਅਤੇ ਨਾੱਨ-ਸਟਾਪ 42 ਤੋਂ 53 ਘੰਟੇ ਢੋਲ ਵਜਾਉਣ ਤੋਂ ਇਲਾਵਾ 20 ਲੱਖ ਦੇ ਇਕੱਠ ‘ਚ 8 ਲਾਈਵ ਸ਼ੋਅ ਕੀਤੇ, 4411 ਤੋਂ ਵੀ ਵੱਧ ਵੱਡੇ ਹੋਰ ਸ਼ੋਅ ਅਤੇ 2552 ਭੰਗੜਾ ਡਾਂਸਰਾਂ ਦੇ ਪ੍ਰੋਗਰਾਮ ਕਾਰਨ ਅੰਗਰੇਜ ਲੋਕ ਉਹਨਾਂ ਦਾ ਲੋਹਾ ਮੰਨਦੇ ਹਨ।
ਇਸ ਮੌਕੇ ਸ. ਮੱਲ ਨੇ ਕਿਹਾ ਕਿ ਬੇਸ਼ੱਕ ਉਹ ਇੰਗਲੈਂਡ ਦੀ ਧਰਤੀ ਦੇ ਪੱਕੇ ਵਸਨੀਕ ਹਨ ਪਰ ਉਹ ਇੱਥੇ ਰਹਿਕੇ ਵੀ ਨਾ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ, ਪੰਜਾਬੀ ਪਹਿਰਾਵੇ ਨੂੰ ਭੁੱਲੇ ਹਨ ਅਤੇ ਨਾ ਹੀ ਮਰਦੇ ਦਮ ਤੱਕ ਭੁਲਣਗੇ ਸਗੋਂ ਇਸ ਤੋਂ ਵੀ ਵਧਕੇ ਪੰਜਾਬੀ ਮਾਂ ਬੋਲੀ ਦੀ ਗਾਇਕੀ ਅਤੇ ਢੋਲ ਰਾਹੀਂ ਸੇਵਾ ਕਰਦੇ ਰਹਿਣਗੇ।ਇਹ ਸਾਰਾ ਪ੍ਰੋਗਰਾਮ ਮਨਪ੍ਰੀਤ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਅੱਜ ਦੇ ਇਸ ਸਮਾਗਮ ਦੌਰਾਨ ਡੇਲੀ ਖ਼ਬਰ ਟੀਮ ਮੈਂਬਰ ਮਨਪ੍ਰੀਤ ਸਿੰਘ,ਬਲਦੇਵ ਰਾਜ ਅਰੋੜਾ,ਗੁਰਜੀਤ ਸਿੰਘ ਸ਼ਾਹਪੁਰ, ਜਸਪਾਲ ਸਿੰਘ ਅਤੇ ਹੋਰ ਹਾਜ਼ਰ ਸਨ।ਇਸ ਮੌਕੇ ਨਿਊਜ਼ੀਲੈਂਡ ਤੋ ਚੈਨਲ ਮਾਲਕ ਸ਼ਰਨਦੀਪ ਸਿੰਘ ਅਤੇ ਟੀਮ ਮੈਂਬਰ ਹਰਮੀਕ ਸਿੰਘ,ਬਲਜਿੰਦਰ ਰੰਧਾਵਾ,ਜਸਮੀਤ ਸਿੰਘ,ਐਨ ਜੈਡ ਐਮੀ,ਰਾਜਵਿੰਦਰ ਕੌਰ,ਗੁਰਿੰਦਰ ਸਿੰਘ ਵੱਲੋਂ ਵੀ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਭੇਜੀ ਗਈ।