ਬੀਤੀ ਕੱਲ੍ਹ ਪਾਰਲੀਮੈੰਟ ‘ਚ ਹਸਪਤਾਲਾਂ ‘ਚ ICU ਬੈੱਡਾਂ ਨੂੰ ਲੈ ਕੇ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਤੇ ਵਿਰੋਧੀ ਧਿਰ ਦੇ ਨਵੇੰ ਆਗੂ ਕ੍ਰਿਸਟੋਫਰ ਲਕਸਨ ਵਿਚਾਲੇ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ ।ਵਿਰੋਧੀ ਧਿਰ ਦੇ ਨੇਤ ਕ੍ਰਿਸਟੋਫਰ ਲਕਸਨ ਕੱਲ੍ਹ ਪਹਿਲੀ ਵਾਰ ਪ੍ਰਧਾਨਮੰਤਰੀ ਨਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਵਾਲ ਜਵਾਬ ਕਰ ਰਹੇ ਸਨ ।
ਇਸ ਦੌਰਾਨ ਉਨ੍ਹਾਂ ਕੋਵਿਡ ਕਾਲ ਦੌਰਾਨ ਸਰਕਾਰ ਦੇ ਪ੍ਰਬੰਧਾਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਕੋਵਿਡ ਪ੍ਰਬੰਧਾਂ ਲਈ 50 ਬਿਲੀਅਨ ਡਾਲਰ ਦਾ ਬਜਟ ਰੱਖਿਆ ਸੀ,ਪਰ ਇਸ ਦੇ ਬਾਵਜੂਦ ਦੇਸ਼ ਦੇ ਕਈ ਹਸਪਤਾਲਾਂ ‘ਚ ICU ਬੈੱਡਾਂ ਦੀ ਕਮੀ ਦੇਖਣ ਨੂੰ ਮਿਲੀ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਵਿਡ ਬਜਟ ਚੋੰ ਸਭ ਤੋੰ ਵੱਧ ਹਿੱਸਾ ICU ਬੈੱਡਾਂ ਨੂੰ ਮੁਹੱਈਆ ਕਰਾਉਣ ਤੇ ਖਰਚਣਾ ਚਾਹੀਦਾ ਸੀ ।
ਵਿਰੋਧੀ ਧਿਰ ਦੇ ਨਵੇੰ ਨੇਤਾ ਵੱਲੋੰ ਕੀਤੀ ਇਸ ਟਿੱਪਣੀ ਤੇ ਬੋਲਦਿਆਂ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਅਸੀੰ ਅਜਿਹੇ ਪ੍ਰਬੰਧਾਂ ਤੇ ਜੋਰ ਦਿੱਤਾ ਹੈ ਕਿ ਕਿਸੇ ਨੂੰ ICU ਬੈੱਡ ਦੀ ਲੋੜ ਹੀ ਨਾਂ ਪਵੇ।ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਤਾਂ ਲੋਕਾਂ ਨੂੰ ਇਸ ਸਥਿਤੀ ਤੋੰ ਬਚਾਉਣ ਦੀ ਰਹੀ ਹੈ ਨਾਂ ਕਿ ICU ਬੈੱਡਾਂ ਤੇ ਲੰਮੇ ਪਾਉਣ ਦੀ ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵੱਲੋੰ ਚੁੱਕਿਆ ਗਿਆ ਮੁੱਦਾ ਬਿਲਕੁੱਲ ਤਰਕਹੀਣ ਹੈ ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਵੀ ਅਜਿਹਾ ਮਾਮਲਾ ਸਾਹਮਣੇ ਨਹੀੰ ਆਇਆ,ਜਿੱਥੇ ਕਿਸੇ ਨੂੰ ICU ਬੈੱਡ ਦੀ ਕਮੀ ਕਰਕੇ ਖੱਜਲ ਹੋਣਾ ਪਿਆ ਹੋਵੇ ।ਇਸ ਕਰਕੇ ਵਿਰੋਧੀ ਧਿਰ ਦੇ ਨੇਤਾ ਦਾ ਸਵਾਲ ਹੀ ਜਾਇਜ ਨਹੀੰ ਹੈ ।ਉਨ੍ਹਾਂ ਕਿਹਾ ਕਿ ਅਸੀੰ ਕੋਵਿਡ ਦੇ ਬਜਟ ਨਾਲ ਆਪਣੇ ICU ਸਟਾਫ ਨੂੰ ਟਰੇਨ ਕੀਤਾ ਤੇ ਉਨ੍ਹਾਂ ਨੂੰ ਸੁਰੱਖਿਆ ਸੰਬੰਧੀ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਧਾਨ ਕਰਾਈਆਂ ਹਨ।ਪ੍ਰਧਾਨਮੰਤਰੀ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਦੇ ਚੱਲਦੇ ਹੀ ਨਿਊਜ਼ੀਲੈਂਡ ਕੋਵਿਡ ਦੇ ਮਾਮਲੇ ‘ਚ ਦੁਨੀਆਂ ਦੇ ਕਈ ਮੁਲਕਾਂ ਨੂੰ ਹਜਾਰ ਗੁਣਾ ਚੰਗਾ ਰਿਹਾ ਹੈ ।