ਕਿਸਾਨਾਂ ਦਾ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਅੰਦੋਲਨ ਅੱਜ ਖਤਮ ਹੋਣ ਦੇ ਆਸਾਰ ਹਨ। ਰਿਪੋਰਟਾਂ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਪਹਿਲਾਂ ਸਰਕਾਰ ਮੁੱਖ ਮੰਗਾਂ ਦਾ ਲਿਖਤੀ ਭਰੋਸਾ ਦੇ ਸਕਦੀ ਹੈ।
ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ‘ਤੇ ਪਰਚੇ ਰੱਦ ਕਰਨ ਸਣੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਲਿਖਤੀ ਐਲਾਨ ਸਰਕਾਰ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਕਰ ਦੇਵੇਗੀ। ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁੱਧਵਾਰ ਤੱਕ ਆਪਣਾ ਅੰਦੋਲਨ ਖਤਮ ਕਰਕੇ ਘਰ ਚਲੇ ਜਾਣ।
ਗੌਰਤਲਬ ਹੈ ਕਿ ਕਿਸਾਨਾਂ ‘ਤੇ ਹੋਏ ਪਰਚਿਆਂ ਦੀ ਵਾਪਸੀ ਨੂੰ ਲੈ ਕੇ ਇੱਕ ਪੇਚ ਫਸਣ ਕਾਰਨ ਮੰਗਲਵਾਰ ਕਿਸਾਨਾਂ ਨੇ ਅੰਦੋਲਨ ਵਾਪਸੀ ਦਾ ਵਿਚਾਰ ਟਾਲ ਦਿੱਤਾ ਸੀ। ਸਰਕਾਰ ਦਾ ਕਹਿਣਾ ਸੀ ਕਿ ਅੰਦੋਲਨ ਖਤਮ ਕਰਨ ਤੋਂ ਬਾਅਦ ਉਹ ਕੇਸ ਵਾਪਿਸ ਲੈਣ ਦਾ ਐਲਾਨ ਕਰੇਗੀ। ਜਦੋਂ ਕਿ ਕਿਸਾਨ ਚਾਹੁੰਦੇ ਹਨ ਕਿ ਸਰਕਾਰ ਇਸ ਸਬੰਧੀ ਤੁਰੰਤ ਕੋਈ ਠੋਸ ਭਰੋਸਾ ਦੇਵੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸੋਧ ਪ੍ਰਸਤਾਵ ਭੇਜਦੀ ਹੈ ਤਾਂ ਅੰਦੋਲਨ ਬਾਰੇ ਫੈਸਲਾ ਲਿਆ ਜਾਵੇਗਾ।