Home » * ਨੁਕਸਾਨ/ਘਾਟਾ (Loss)-ਇਹ ਸ਼ਬਦ ਜਿੰਨਾਂ ਛੋਟਾ ਹੈ ਉਸ ਦੇ ਨੁਕਸਾਨ ਬਹੁਤ ਵੱਡੇ…
Articules Home Page News

* ਨੁਕਸਾਨ/ਘਾਟਾ (Loss)-ਇਹ ਸ਼ਬਦ ਜਿੰਨਾਂ ਛੋਟਾ ਹੈ ਉਸ ਦੇ ਨੁਕਸਾਨ ਬਹੁਤ ਵੱਡੇ…

Spread the news

ਨੁਕਸਾਨ/ਘਾਟਾ ਸ਼ਬਦ ਜਿਆਦਾ ਤੌਰ ਤੇ ਆਰਥਿਕ ਘਾਟੇ ਵਾਸਤੇ ਵਰਤਿਆ ਜਾਂਦਾ ਹੈ l ਅੰਗਰੇਜ਼ੀ ਬੋਲਦੇ ਮੁਲਕਾਂ ਵਿੱਚ ਕਿਸੇ ਦੇ ਦੁਨੀਆਂ ਤੋਂ ਚਲੇ ਜਾਣ ਨੂੰ ਵੀ ਘਾਟਾ (Loss) ਕਹਿੰਦੇ ਹਨ l

ਇਹ ਸ਼ਬਦ ਜਿੰਨਾਂ ਛੋਟਾ ਹੈ ਉਸ ਦੇ ਨੁਕਸਾਨ ਬਹੁਤ ਵੱਡੇ ਹਨ l ਘਾਟਾ ਭਾਵੇਂ ਆਰਥਿਕ ਹੋਵੇ ਜਾਂ ਪਰਿਵਾਰ ਦੇ ਕਿਸੇ ਜੀਅ ਦੇ ਦੁਨੀਆਂ ਤੋਂ ਚਲੇ ਜਾਣ ਦਾ ਹੋਵੇ ਉਹ ਇਨਸਾਨ ਨੂੰ ਹਿਲਾ ਕੇ ਰੱਖ ਦਿੰਦਾ ਹੈ l ਕਈ ਵਾਰ ਇਨਸਾਨ ਸਾਰੀ ਜਿੰਦਗੀ ਚਾਹੁੰਦਿਆਂ ਹੋਇਆਂ ਵੀ ਇਸ ਤਰਾਂ ਦੇ ਘਾਟੇ ਵਿੱਚੋਂ ਬਾਹਰ ਨਹੀਂ ਆ ਪਾਉਂਦਾ l

ਵੱਡੀ ਗਿਣਤੀ ਵਿੱਚ ਲੋਕ ਜਿੰਦਗੀ ਵਿੱਚ ਆਰਥਿਕ ਘਾਟੇ ਦਾ ਸ਼ਿਕਾਰ ਹੁੰਦੇ ਹਨ l ਉਨ੍ਹਾਂ ਵਿੱਚੋਂ ਬਹੁਤੇ ਇਸ ਤਰਾਂ ਦਾ ਘਾਟਾ ਪੈਣ ਨਾਲ ਮਾਨਸਿਕ ਰੋਗੀ ਵੀ ਹੋ ਜਾਂਦੇ ਹਨ l ਕੀ ਇਸ ਆਰਥਿਕ ਘਾਟੇ ਤੋਂ ਪੈਦਾ ਹੋਏ ਮਾਨਸਿਕ ਰੋਗ ਤੋਂ ਬਚਿਆ ਜਾ ਸਕਦਾ ਹੈ?

ਇਸ ਤਰਾਂ ਦੇ ਆਰਥਿਕ ਘਾਟੇ ਤੋਂ ਪੈਦਾ ਹੋਣ ਵਾਲੇ ਮਾਨਸਿਕ ਰੋਗ ਤੋਂ ਬਚਿਆ ਜਾ ਸਕਦਾ ਹੈ ਪਰ ਇਸ ਬਾਰੇ ਤੁਹਾਨੂੰ ਪਹਿਲਾਂ ਤੋਂ ਤਿਆਰ ਹੋਣਾ ਪੈਂਦਾ ਹੈ l

ਕਿਸੇ ਵੀ ਕਾਰੋਬਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਆਮਦਨ ਅਤੇ ਪੈਣ ਵਾਲੇ ਘਾਟੇ ਨੂੰ ਵਿਚਾਰਨਾ ਚਾਹੀਦਾ ਹੈ l ਅੰਗਰੇਜ਼ੀ ਵਿੱਚ ਘਾਟਾ ਵਿਚਾਰਨ ਨੂੰ ‘ਵਰਸ ਕੇਸ ਸੀਨਾਰੀਓ’ (Worse Case Scenario) ਕਹਿੰਦੇ ਹਨ l ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕਿ ਘਾਟਾ ਪੈਣ ਦੀ ਸੂਰਤ ਵਿੱਚ ਤੁਸੀਂ ਇਸ ਤੋਂ ਕਿਵੇਂ ਬਚਣਾ ਹੈ? ਜਾਂ ਕਾਰੋਬਾਰ ਵਿੱਚ ਘਾਟਾ ਪੈਣ ਦੀ ਸੂਰਤ ਵਿੱਚ ਤੁਸੀਂ ਇਸ ਵਿੱਚੋਂ ਕਿਵੇਂ ਬਾਹਰ ਆਉਣਾ ਹੈ? ਇਸ ਨੂੰ ਅੰਗਰੇਜ਼ੀ ਵਿੱਚ ਐਕਸਿਟ ਸਟਰੈਟਜੀ (Exit Strategy) ਵੀ ਕਹਿੰਦੇ ਹਨ l

ਕਾਰੋਬਾਰ ਸ਼ੁਰੂ ਕਰਨ ਵੇਲੇ ਤੁਹਾਡੇ ਕੋਲ ਬੈਕ ਅੱਪ ਯੋਜਨਾ/ਪਲੈਨ (Back Up Plan) ਹੋਣਾ ਜਰੂਰੀ ਹੈ l ਭਾਵ ਜੇ ਕਾਰੋਬਾਰ ਨਾ ਚੱਲਿਆ ਤਾਂ ਫਿਰ ਕੀ ਕਰਨਾ ਹੈ? ਕਾਰੋਬਾਰ ਵਿੱਚ ਕਈ ਤਰਾਂ ਨਾਲ ਪੈਣ ਵਾਲੇ ਘਾਟੇ ਦਾ ਬੀਮਾ ਵੀ ਹੋ ਜਾਂਦਾ ਹੈ ਜੋ ਪਹਿਲਾਂ ਕਰਵਾਇਆ ਜਾ ਸਕਦਾ ਹੈ ਪਰ ਇਸ ਦਾ ਭਾਵ ਇਹ ਨਹੀਂ ਕਿ ਸਭ ਕੁੱਝ ਬੀਮਾ ਕਵਰ ਕਰੇਗਾ ਪਰ ਬੀਮਾ ਕਰਨ ਨਾਲ ਕੁੱਝ ਹੋਣ ਵਾਲੇ ਨੁਕਸਾਨਾਂ ਨੂੰ ਘਟਾਇਆ ਜਾ ਸਕਦਾ ਹੈ l

ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਸਾਰੀਆਂ ਘਟਨਾਵਾਂ ਤੁਹਾਡੇ ਮੁਤਾਬਕ ਨਹੀਂ ਵਾਪਰਨੀਆਂ l ਕਾਰੋਬਾਰਾਂ ਵਿੱਚ ਬਹੁਤ ਕੁੱਝ ਹੁੰਦਾ ਹੈ ਜਿਸ ਤੇ ਤੁਹਾਡਾ ਕੋਈ ਬਹੁਤਾ ਕੰਟਰੋਲ ਨਹੀਂ ਹੁੰਦਾ ਜਿਸ ਤਰਾਂ ਸਰਕਾਰਾਂ ਦੀਆਂ ਪਾਲਸੀਆਂ, ਰਿਜਰਵ ਬੈਂਕ ਦੀਆਂ ਪਾਲਸੀਆਂ, ਮਹਿੰਗਾਈ ਦਰ, ਦੇਸ਼ ਉੱਤੇ ਕਰਜ਼ੇ ਦੀ ਦਰ, ਕੁਦਰਤੀ ਆਫ਼ਤਾਂ, ਕਿਸੇ ਬਿਮਾਰੀ ਦਾ ਫੈਲਣਾ ਜਾਂ ਫੈਲਣ ਦਾ ਡਰ ਹੋਣਾ, ਕਰਜ਼ੇ ਦੇ ਵਿਆਜ਼ ਦੀ ਦਰ ਅਤੇ ਦੁਨੀਆਂ ਦੇ ਉੱਤੇ ਆਰਥਿਕ ਮੰਦੀ ਆਦਿ ਆਪਣੇ ਨਿਯੰਤਰਣ ਵਿੱਚ ਨਹੀਂ ਹੁੰਦੇ ਪਰ ਤੁਸੀਂ ਉਨ੍ਹਾਂ ਤੋਂ ਬਚਣ ਲਈ ਆਪਣਾ ਬੈਕ ਅਪ ਪਲੈਨ ਬਣਾ ਸਕਦੇ ਹੋ ਜਿਸ ਨਾਲ ਤੁਹਾਡਾ ਬਚਾ ਹੋ ਸਕਦਾ ਹੈ ਅਤੇ ਘਾਟੇ ਕਾਰਨ ਪੈਦਾ ਹੋਏ ਮਾਨਸਿਕ ਤਣਾਅ ਤੋਂ ਬਚਿਆ ਜਾ ਸਕਦਾ ਹੈ l

ਇਸੇ ਤਰਾਂ ਪਰਿਵਾਰ ਵਿੱਚੋਂ ਕਿਸੇ ਵੀ ਵਿਅਕਤੀ ਦੇ ਦੁਨੀਆਂ ਤੋਂ ਚਲੇ ਜਾਣ ਨਾਲ ਪਰਿਵਾਰ ਨੂੰ ਕਈ ਵਾਰ ਬਹੁਤ ਵੱਡਾ ਆਰਥਿਕ ਘਾਟਾ ਪੈਂਦਾ ਹੈ l ਕਈ ਵਾਰ ਘਰ ਵਿੱਚ ਉਹ ਹੀ ਇਕੋ ਇੱਕ ਕਮਾਉਣ ਵਾਲਾ ਵਿਅਕਤੀ ਹੁੰਦਾ ਹੈ l ਉਸ ਦੇ ਚਲੇ ਜਾਣ ਬਾਦ ਪਰਿਵਾਰ ਦਾ ਕਮਾਈ ਦਾ ਕੋਈ ਸਾਧਨ ਨਹੀਂ ਰਹਿੰਦਾ l ਜਿਆਦਾ ਆਮਦਨ ਵਾਲੇ ਲੋਕ ਇਸ ਤਰਾਂ ਦਾ ਬੀਮਾ ਵੀ ਕਰਵਾ ਲੈਂਦੇ ਹਨ ਤਾਂ ਕਿ ਵਿਅਕਤੀ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਦ ਪਰਿਵਾਰ ਦੀ ਆਰਥਿਕਤਾ ਤੇ ਸੱਟ ਨਾ ਵੱਜੇ ਪਰ ਇਹ ਸਭ ਕੁੱਝ ਪਹਿਲਾਂ ਹੀ ਵਿਚਾਰਿਆ ਹੋਵੇ ਤਾਂ ਘਾਟੇ ਕਾਰਨ ਪੈਦਾ ਹੋਣ ਵਾਲੇ ਮਾਨਸਿਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ l

ਘਾਟਿਆਂ ਨੂੰ ਝੱਲਣਾ, ਘਾਟਿਆਂ ਤੋਂ ਸਿੱਖਣਾ ਅਤੇ ਫਿਰ ਨਵੀਆਂ ਪੁਲਾਂਘਾਂ ਪੁੱਟਣਾ ਹੀ ਅਸਲ ਜਿੰਦਗੀ ਹੈ l ਜਿੰਦਗੀ ਕਦੇ ਵੀ ਇਕੋ ਜਿਹੀ ਨਹੀਂ ਚੱਲਦੀ l ਵਾਪਰੀਆਂ ਹੋਈਆਂ ਘਟਨਾਵਾਂ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ l ਉਨ੍ਹਾਂ ਤੋਂ ਸਿੱਖ ਕੇ ਅੱਗੇ ਜਰੂਰ ਵਧਿਆ ਜਾ ਸਕਦਾ ਹੈ l

ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਜੀਵ ਉਹੀ ਲੰਬਾ ਸਮਾਂ ਜਿਉਂਦੇ ਰਹਿੰਦੇ ਹਨ ਜੋ ਹਲਾਤਾਂ ਮੁਤਾਬਕ ਆਪਣੇ ਆਪ ਨੂੰ ਬਦਲ ਲੈਂਦੇ ਹਨ l ਜੋ ਜੀਵ ਹਲਾਤਾਂ ਮੁਤਾਬਕ ਆਪਣੇ ਆਪ ਨੂੰ ਨਹੀਂ ਬਦਲ ਪਾਉਂਦੇ ਉਹ ਖਤਮ ਹੋ ਜਾਂਦੇ ਹਨ ਜਿਸ ਤਰਾਂ ਡਾਇਨਾਸੌਰ ਵਰਗੇ ਤਾਕਤਵਰ ਜਾਨਵਰ ਖਤਮ ਹੋ ਗਏ ਸਨ ਕਿਉਂਕਿ ਉਹ ਹਲਾਤਾਂ ਮੁਤਾਬਕ ਆਪਣੇ ਆਪ ਨੂੰ ਬਦਲ ਨਹੀਂ ਸਕੇ ਸਨ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)