ਨਿਊਜ਼ੀਲੈਂਡ ‘ਚ ਸਰਕਾਰ ਵੱਲੋੰ ਅਗਲੇ ਸਾਲ ਜਨਵਰੀ ਮਹੀਨੇ ਤੋੰ ਬੱਚਿਆਂ ਲਈ ਕੋਵਿਡ ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।ਇਸ ਦੌਰਾਨ ਇਕ ਸਰਵੇ ‘ਚ ਸਾਹਮਣੇ ਆਇਆ ਹੈ ਕਿ 3 ਵਿੱਚੋੰ 1 ਕੀਵੀ ਮਾਪੇ ਆਪਣੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੇ ਪੱਖ ਵਿੱਚ ਨਹੀੰ ਹਨ ।
ਮਾਓਰੀ ਭਾਈਚਾਰੇ ਵਿੱਚ ਤਾਂ ਇਹ ਗਿਣਤੀ ਇਸ ਤੋੰ ਵੀ ਘੱਟ ਦੱਸੀ ਜਾ ਰਹੀ ਹੈ ।ਸਰਵੇ ਦੌਰਾਨ ਮਾਓਰੀ ਭਾਈਚਾਰੇ ਦੇ ਸਿਰਫ਼ 58 ਫੀਸਦੀ ਮਾਪਿਆਂ ਨੇ ਹੀ ਆਪਣੇ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਹਾਮੀ ਭਰੀ ਹੈ ।
ਇੱਕ ਏਜੰਸੀ ਵੱਲੋੰ ਪਿਛਲੇ ਮਹੀਨੇ ਕਰਵਾਏ ਗਏ ਸਰਵੇ ‘ਚ 2500 ਦੇ ਕਰੀਬ ਮਾਪਿਆਂ ਨੂੰ ਵੱਖ ਵੱਖ ਸ਼ਹਿਰਾਂ ਚੋੰ ਸ਼ਾਮਿਲ ਕੀਤਾ ਗਿਆ ਸੀ ।ਇਸ ਦੌਰਾਨ ਸਿਰਫ਼ 68 ਫੀਸਦੀ ਮਾਪਿਆਂ ਨੇ ਕਿਹਾ ਕਿ ਉਹ ਆਪਣੇ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਵਾਉਣਗੇ ਜਦੋੰ ਕਿ 32 ਫੀਸਦੀ ਨੇ ਕਿਹਾ ਕਿ ਉਹ ਬੱਚਿਆਂ ਨੂੰ ਵੈਕਸੀਨ ਨਹੀੰ ਲਗਵਾਉਣਗੇ ।
ਇਸ ਸਰਵੇ ਦੇ ਸਾਹਮਣੇ ਆਉਣ ਤੋੰ ਬਾਅਦ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮਾਪਿਆਂ ਨੂੰ ਬੱਚਿਆਂ ਦੇ ਵੈਕਸੀਨ ਲਗਵਾਉਣ ਲਈ ਸਾਨੂੰ ਕਾਫੀ ਜਾਗਰੂਕਤਾ ਪੈਦਾ ਕਰਨੀ ਹੋਵੇਗੀ ।ਉਨ੍ਹਾਂ ਦੱਸਿਆ ਕਿ Medsafe ਵੱਲੋੰ ਜਦੋੰ ਬੱਚਿਆਂ ਲਈ ਵੈਕਸੀਨ ਨੂੰ ਸੁਰੱਖਿਅਤ ਐਲਾਨਿਆ ਜਾਵੇਗਾ ਤਾਂ ਆਪਣੇ ਆਪ ਮਾਪਿਆਂ ‘ਚ ਵਿਸ਼ਵਾਸ਼ ਪੈਦਾ ਹੋ ਜਾਵੇਗਾ ।