ਪਿਛਲੇ ਚੈਂਪੀਅਨ ਤੇ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ਵਿਚ ਮੰਗਲਵਾਰ ਨੂੰ ਇੱਥੇ ਜਾਪਾਨ ਦੇ ਵਿਰੁੱਧ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਜਿਸ ਨੇ ਆਪਣੇ ਆਖਰੀ ਰਾਊਂਡ ਰੌਬਿਨ ਮੈਚ ਵਿਚ ਇਸ ਟੀਮ ਨੂੰ 6-0 ਨਾਲ ਹਰਾਇਆ ਸੀ।
ਭਾਰਤ ਦਾ ਜਾਪਾਨ ਦੇ ਵਿਰੁੱਧ ਜਿੱਤ-ਹਾਰ ਦਾ ਰਿਕਾਰਡ ਵੀ ਵਧੀਆ ਹੈ ਪਰ ਵਿਰੋਧੀ ਟੀਮ ਨੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਟੀਮ ਨੂੰ ਹੈਰਾਨ ਕਰ ਦਿੱਤਾ। ਮੰਗਲਵਾਰ ਨੂੰ ਜਾਪਾਨ ਦੀ ਟੀਮ ਬਿਲਕੁਲ ਬਦਲੀ ਹੋਈ ਨਜ਼ਰ ਆਈ ਤੇ ਉਸ ਨੇ ਸ਼ੁਰੂਆਤ ਤੋਂ ਹੀ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਦੀ ਡਿਫੈਂਸ ਲਾਈਨ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ। ਜਾਪਾਨ ਨੂੰ ਸ਼ੋਤਾ ਯਮਾਦਾ ਨੇ ਪਹਿਲੇ ਹੀ ਮਿੰਟ ਵਿਚ ਪੈਨਲਟੀ ਗੋਲ ਕਰਕੇ ਬੜ੍ਹਤ ਬਣਾਈ, ਜਦਕਿ ਰੇਈਕੀ ਫੁਜਿਸ਼ੀਮਾ (ਦੂਜੇ ਮਿੰਟ), ਯੋਸ਼ਿਕੀ ਕਿਰਿਸ਼ਤਾ (14ਵੇਂ ਮਿੰਟ), ਕੋਸੇਈ ਕਵਾਬੇ (35ਵੇਂ ਮਿੰਟ) ਤੇ ਰਯੋਮਾ ਓਰਾ (41ਵੇਂ ਮਿੰਟ)ਨੇ ਵੀ ਗੋਲ ਕੀਤੇ। ਭਾਰਤ ਵਲੋਂ ਦਿਲਪ੍ਰੀਤ ਸਿੰਘ (17ਵੇਂ ਮਿੰਟ), ਉਪ ਕਪਤਾਨ ਹਰਮਨਪ੍ਰੀਤ ਸਿੰਘ (43ਵੇਂ ਮਿੰਟ) ਤੇ ਹਾਰਦਿਕ ਸਿੰਘ (58ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਤੇ ਜਾਪਾਨ ਦੀ ਟੀਮ ਇਸ ਤੋਂ ਪਹਿਲਾਂ 18 ਵਾਰ ਆਹਮੋ-ਸਾਹਮਣੇ ਸੀ, ਜਿਸ ਵਿਚ ਭਾਰਤ ਨੇ 16 ਮੈਚਾਂ ਵਿਚ ਜਿੱਤ ਦਰਜ ਕੀਤੀ ਜਦਕਿ ਉਸ ਨੂੰ ਇਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਕ ਮੁਕਾਬਲਾ ਡਰਾਅ ਰਿਹਾ। ਜਾਪਾਨ ਖਿਤਾਬੀ ਮੁਕਾਬਲੇ ਵਿਚ ਦੱਖਣੀ ਕੋਰੀਆ ਨਾਲ ਭਿੜੇਗਾ, ਜਦਕਿ ਬੁੱਧਵਾਰ ਨੂੰ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।