ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਵਿਚ ਕਾਂਗਰਸ ਰੈਲੀ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਇਲਜ਼ਾਮ ਲੱਗਾ ਹੈ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।
ਚੰਡੀਗੜ੍ਹ ਪੁਲਿਸ ਦੇ ਡੀਐੱਸਪੀ ਨੇ ਇਤਰਾਜ਼ ਕੀਤਾ ਤਾਂ ਸਿੱਧੂ ਨੇ ਸ਼ਬਦ ਵਾਪਸ ਲੈਣ ਦੀ ਬਜਾਇ ਅਗਲੇ ਹੀ ਦਿਨ ਬਟਾਲਾ ਵਿਚ ਕਾਂਗਰਸ ਆਗੂ ਅਸ਼ਵਨੀ ਸੇਖ਼ੜੀ ਦੇ ਹੱਕ ਵਿਚ ਕੀਤੀ ਗਈ ਰੈਲੀ ਦੌਰਾਨ ਮੁੜ ਉਹੀ ਵਿਵਾਦਤ ਸ਼ਬਦ ਦੁਹਰਾਏ।
ਨਵਜੋਤ ਸਿੱਧੂ ਦੇ ਦੋ ਵਾਰ ਇਸ ਟਿੱਪਣੀ ਨੂੰ ਦੁਹਰਾਉਣ ਕਾਰਨ ਇਹ ਹੁਣ ਸਿਆਸੀ ਮੁੱਦਾ ਬਣ ਗਿਆ ਹੈ। ਵਿਰੋਧੀ ਪਾਰਟੀ ਅਕਾਲੀ ਦਲ ਨੇ ਸਿੱਧੂ ਨੂੰ ਇਸ ਮਾਮਲੇ ਉੱਤੇ ਮਾਫ਼ੀ ਮੰਗਣ ਲਈ ਕਿਹਾ ਹੈ।
ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਸਪੱਸ਼ਟੀਕਰਨ ਨਹੀਂ ਦਿੱਤਾ ਪਰ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਮੀਡੀਆ ਨੂੰ ਦਿੱਤੇ ਪ੍ਰਤੀਕਰਮ ਵਿਚ ਕਿਹਾ, ”ਅਸੀਂ ਸਾਰੇ ਪੁਲਿਸ ਫੋਰਸ ਦਾ ਸਨਮਾਨ ਕਰਦੇ ਹਾਂ, ਸਿੱਧੂ ਦੇ ਬਿਆਨ ਨੂੰ ਕਿਸੇ ਖ਼ਿਲਾਫ਼ ਨਿੱਜੀ ਬਿਆਨ ਦੀ ਬਜਾਇ ਇੱਕ ਪੰਜਾਬੀ ਕਹਾਵਤ ਦੀ ਵਰਤੋਂ ਵਜੋਂ ਦੇਖਿਆ ਜਾਣਾ ਚਾਹੀਦਾ ਹੈ।”
ਸੁਖਬੀਰ ਬਾਦਲ ਜਦੋਂ ਡੀਜੀਪੀ ਪੰਜਾਬ ਨੂੰ ਨਲਾਇਕ ਕਹਿੰਦੇ ਹਨ ਤਾਂ ਕੀ ਉਦੋਂ ਪੁਲਿਸ ਦਾ ਮਨੋਬਲ ਨਹੀਂ ਡਿੱਗਦਾ।
ਜਲੰਧਰ ਦੇਹਾਤੀ ਦੇ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕਪੂਰਥਲਾ ਰੈਲੀ ਦੌਰਾਨ ਪੰਜਾਬ ਪੁਲਿਸ ਖ਼ਿਲਾਫ਼ ਕੀਤੀ ਗਈ ਟਿੱਪਣੀ ਦੀ ਉਹ ਨਿਖੇਧੀ ਕਰਦੇ ਹਨ।
ਉਨ੍ਹਾਂ ਕਿਹਾ, “ਮੈਂ ਡੀਜੀਪੀ ਪੰਜਾਬ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਪੁਲਿਸ ਦਾ ਅਕਸ ਖ਼ਰਾਬ ਨਾ ਹੋਣ ਦਿੱਤਾ ਜਾਵੇ। ਅਜਿਹੀ ਭਾਸ਼ਾ ਪੰਜਾਬ ਪੁਲਿਸ ਖ਼ਿਲਾਫ਼ ਕਿਉਂ ਵਰਤੀ ਜਾ ਰਹੀ ਹੈ। ਨਵਜੋਤ ਸਿੱਧੂ ਵੱਲੋਂ ਪੂਰੀ ਪੰਜਾਬ ਪੁਲਿਸ ਨੂੰ ਇਹ ਗੱਲ ਕੀਤੀ ਗਈ ਹੈ।”
ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਸੰਬੋਧਨ ਕਰਦਿਆਂ ਕਿਹਾ, “ਸਿੱਧੂ ਜੀ ਅਸੀਂ ਡਰਪੋਕ ਨਹੀਂ, ਦਲੇਰ ਹਾਂ। ਸਾਡੀ ਦਲੇਰੀ ਦੇ ਕਿੱਸੇ ਪੂਰਾ ਮੁਲਕ ਜਾਣਦਾ ਹੈ। ਦੀਨਾਨਗਰ ਅੱਤਵਾਦੀ ਹਮਲੇ ਦੌਰਾਨ ਅਸੀਂ ਡਟ ਕੇ ਮੁਕਾਬਲਾ ਕੀਤਾ।”
“ਅੱਤਵਾਦ ਦੌਰਾਨ ਅਸੀਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਸੀਂ ਸੋਹਣੇ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਕੀਤੀ।”
“ਕੋਰੋਨਾਕਾਲ ਦੌਰਾਨ ਪੰਜਾਬ ਪੁਲਿਸ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਲੋਕਾਂ ਦੀ ਮਦਦ ਕੀਤੀ।”
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਡੀਐੱਸਪੀ ਚੰਡੀਗੜ੍ਹ ਦਿਲਸ਼ੇਰ ਸਿੰਘ ਚੰਦੇਲ ਦੀ ਪ੍ਰਤੀਕਿਰਿਆ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਾਂਗਰਸ ਆਗੂ ਦੀ ਇਹ ਨਿੰਦਣਯੋਗ ਅਤੇ ਉਨ੍ਹਾਂ ਨੂੰ ਫੋਰਸਾਂ ਦੇ ਬਲਿਦਾਨ ਨੂੰ ਭੁੱਲਣਾ ਨਹੀਂ ਚਾਹੀਦਾ।
ਚੰਦੇਲ ਨੇ ਕਿਹਾ, “ਬਿਨਾਂ ਪੁਲਿਸ ਦੀ ਸੁਰੱਖਿਆ ਦੇ ਉਨ੍ਹਾਂ ਦਾ ਭਾਸ਼ਣ ਕੋਈ ਰਿਕਸ਼ੇ ਵਾਲਾ ਵੀ ਨਾ ਸੁਣੇ। ਸਿਆਸਤਦਾਨਾਂ ਨੂੰ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ।”
“ਉਹ ਸਿਰਫ਼ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਹੌਸਲਾ ਇਸ ਤਰ੍ਹਾਂ ਢਹਿ-ਢੇਰੀ ਨਹੀਂ ਕਰਨਾ ਚਾਹੀਦਾ।”
ਉਨ੍ਹਾਂ ਨੇ ਕਿਹਾ, “ਸੁਰੱਖਿਆ ਫੌਰਸਾਂ ਦਾ ਆਪਣਾ ਮਾਣ ਹੁੰਦਾ ਹੈ। ਸਿੱਧੂ ਨੇ ਇਸ ਤਰ੍ਹਾਂ ਦੀ ਟਿੱਪਣੀ ਕਰ ਕੇ ਪੂਰੀ ਪੰਜਾਬ ਪੁਲਿਸ ਦੀ ਨਿੰਦਾ ਕੀਤੀ ਹੈ।”