ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਾਰੇਗਾਮਾ ਦਾ ਕਹਿਣਾ ਹੈ, “ਪ੍ਰਤਿਕਿਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਦੇਸ਼ ਦੇ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ, ਅਸੀਂ ਮਧੁਬਨ ਗੀਤ ਦਾ ਨਾਮ ਅਤੇ ਬੋਲ ਦੋਵੇਂ ਬਦਲ ਦਿਆਂਗੇ।”
ਸਾਰੇਗਾਮਾ ਨੇ ਕਿਹਾ, “ਤਿੰਨ ਦਿਨਾਂ ਦੇ ਅੰਦਰ ਸਾਰੇ ਪਲੇਟਫਾਰਮਸ ‘ਤੇ ਪੁਰਾਣੇ ਗਾਣੇ ਦੀ ਥਾਂ ਨਵਾਂ ਗਾਣਾ ਹੋਵੇਗਾ।”
ਦਰਅਸਲ 4 ਦਿਨਾਂ ਪਹਿਲਾਂ ਸਾਰੇਗਾਮਾ ਮਿਊਜ਼ਿਕ ਲੇਬਲ ਨੇ ‘ਮਧੁਬਨ’ ਗਾਣਾ ਰਿਲੀਜ਼ ਕੀਤਾ ਸੀ। ਇਸ ਗਾਣੇ ਵਿੱਚ 1960 ਵਿੱਚ ਆਈ ਫਿਲਮ ਕੋਹਿਨੂਰ ਵਿੱਚ ਮੁਹੰਮਦ ਰਫ਼ੀ ਵੱਲੋਂ ਗਾਏ ਗਾਣੇ ‘ਮਧੁਬਨ ਮੇਂ ਰਾਧਿਕਾ ਨਾਚੇ ਰੇ’ ਦੇ ਕੁਝ ਬੋਲ ਸਨ।
ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਨਰੋਤਮ ਮਿਸ਼ਰਾ ਨੇ ਅਦਾਕਾਰਾ ਸਨੀ ਲਿਓਨੀ ਅਤੇ ਗਾਣੇ ਦੇ ਗਾਇਕ ਨੂੰ ਚਿਤਾਵਨੀ ਦਿੰਦਿਆਂ ਹੋਇਆ ਕਿਹਾ ਸੀ ਉਹ ਵੀਡੀਓ ਲਈ ਮੁਆਫ਼ੀ ਮੰਗਣ ਅਤੇ ਤਿੰਨ ਦਿਨਾਂ ਦੇ ਅੰਦਰ ਵੀਡੀਓ ਹਟਾਉਣ ਨਹੀਂ ਤਾਂ ਕਾਰਵਾਈ ਲਈ ਤਿਆਰ ਰਹਿਣ।
ਮਿਸ਼ਰਾ ਨੇ ਕਿਹਾ, “ਕੁਝ ਗ਼ੈਰ-ਧਰਮੀ ਲਗਾਤਾਰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ‘ਮਧੁਬਨ ਮੇਂ ਰਾਧਿਕਾ ਨਾਚੇ’ ਨਿੰਦਣਯੋਗ ਯਤਨ ਹੈ।”
“ਮੈਂ ਸਨੀ ਲਿਓਨੀ, ਸ਼ਾਰਿਬ ਅਤੇ ਤੋਸ਼ੀ ਜੀ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਹ ਸਮਝ ਜਾਣ। ਜੇ ਉਨ੍ਹਾਂ ਨੇ ਤਿੰਨ ਦਿਨਾਂ ਅੰਦਰ ਗਾਣਾ ਹਟਾ ਕੇ ਮੁਆਫ਼ੀ ਨਹੀਂ ਮੰਗੀ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ।”