ਆਸਟ੍ਰੇਲੀਆ ਮੌਰਿਸਨ ਸਰਕਾਰ ਦਾ ਐਲਾਨ, ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ PCR ਟੈਸਟ ਦੀ ਸ਼ਰਤ ਖ਼ਤਮ ਦੀ ਮੌਰਿਸਨ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਦੇਸ਼ ਵਿਚ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਯਾਤਰੀਆਂ ਲਈ ਨੈਗੇਟਿਵ ਪੀਸੀਆਰ ਟੈਸਟ ਦੀ ਰਿਪੋਰਟ ਪੇਸ਼ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਹੁਣ ਅੰਤਰਰਾਸ਼ਟਰੀ ਯਾਤਰੀਆਂ ਨੂੰ ਉਡਾਣ ਤੋਂ 24 ਘੰਟਿਆਂ ਅੰਦਰ ਦੀ ਰੈਪਿਡ ਐਂਟੀਜੇਨ ਟੈਸਟ (RAT) ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ।
ਇਹ ਕਦਮ ਮੌਜੂਦਾ ਘਰੇਲੂ ਯਾਤਰਾ ਉਪਾਵਾਂ ਦੇ ਮੁਤਾਬਕ ਹੈ, ਜਿੱਥੇ ਰਾਜ ਅਤੇ ਪ੍ਰਦੇਸ਼ ਕੋਵਿਡ-19 ਦਾ ਪਤਾ ਲਗਾਉਣ ਲਈ ਰੈਪਿਡ ਐਂਟੀਜੇਨ ਟੈਸਟ ਰਿਪੋਰਟ ਨੂੰ ਸਵੀਕਾਰ ਕਰ ਰਹੇ ਹਨ।
ਸਿਹਤ ਮੰਤਰੀ ਗ੍ਰੇਗ ਹੰਟ ਅਤੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊਜ਼ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਪੀਸੀਆਰ ਟੈਸਟ ਮਿਆਰੀ ਟੈਸਟ ਮੰਨੇ ਜਾਂਦੇ ਹਨ, ਪਰ 24 ਘੰਟਿਆਂ ਦੇ ਅੰਦਰ ਇੱਕ ਰੈਪਿਡ ਐਂਟੀਜੇਨ ਟੈਸਟ ਦੀ ਕੋਵਿਡ-19 ਦੀ ਰਿਪੋਰਟ ਨੂੰ ਵੀ ਇਹ ਜਾਣਨ ਲਈ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਯਾਤਰੀ ਨੂੰ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਕੋਵਿਡ-19 ਹੈ ਜਾਂ ਨਹੀਂ।
ਨਵੇਂ ਨਿਯਮ ਐਤਵਾਰ ਸਵੇਰੇ 1 ਵਜੇ ਤੋਂ ਲਾਗੂ ਹੋ ਗਏ ਹਨ। ਸਰਕਾਰ ਨੇ ਟੈਸਟ ਵਿੱਚ ਕੋਵਿਡ-19 ਪੌਜ਼ੀਟਿਵ ਪਾਏ ਜਾਣ ਵਾਲੇ ਯਾਤਰੀਆਂ ਲਈ ਆਸਟ੍ਰੇਲੀਆ ਵਿਚ ਦਾਖਲ ਹੋਣ ਲਈ ਮਨਜ਼ੂਰੀ ਲੈਣ ਦਾ ਸਮਾਂ ਵੀ 14 ਦਿਨਾਂ ਤੋਂ ਘਟਾ ਕੇ ਸੱਤ ਦਿਨ ਕਰ ਦਿੱਤਾ ਹੈ।