ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) 2022 ਨੂੰ ਲੈ ਕੇ ਸਿਆਸੀ ਪਾਰਟੀਆਂ (Political Parties) ਵਲੋਂ ਐਲਾਨੇ ਉਮੀਦਵਾਰਾਂ (Candidate) ਵਲੋਂ ਆਪੋ ਆਪਣੇ ਹਲਕੇ ਲਈ ਨਾਮਜ਼ਦਗੀ ਪੱਤਰ (Nomination letter) ਦਾਖਲ ਕਰਨ ਦਾ ਸਿਲਸਿਲਾ ਜਾਰੀ ਹੈ।
ਨਾਮਜ਼ਦਗੀ ਪੱਤਰ ਦਾਖਲ ਕਰਨ ਲਈ 1 ਫਰਵਰੀ ਤੱਕ ਦਾ ਚੋਣ ਕਮਿਸ਼ਨ ਵਲੋਂ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਕਾਂਗਰਸ ਪਾਰਟੀ ਵਲੋਂ ਭੁਲੱਥ ਹਲਕੇ ਤੋਂ ਐਲਾਨੇ ਗਏ ਆਪਣੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਮੋਹਾਲੀ ਕੋਰਟ ਵਲੋਂ ਰਾਹਤ ਮਿਲ ਗਈ ਹੈ। ਮੋਹਾਲੀ ਕੋਰਟ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਸੁਖਪਾਲ ਖਹਿਰਾ ਨੂੰ 31 ਜਨਵਰੀ ਨੂੰ ਨਾਮਜ਼ਦਗੀ ਭਰਨ ਲਈ ਇਜਾਜ਼ਤ ਦਿੱਤੀ ਜਾਵੇ।
ਮੁਹਾਲੀ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ 31 ਜਨਵਰੀ ਨੂੰ ਚੋਣ ਅਧਿਕਾਰੀ ਸਾਹਮਣੇ ਸੁਖਪਾਲ ਖਹਿਰਾ ਨੂੰ ਪੇਸ਼ ਕੀਤਾ ਜਾਵੇ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਦੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਤਿਆਰ ਕਰਵਾਏ ਜਾਣ ਤਾਂ ਜੋ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਇਸ ਦੇ ਬਾਵਜੂਦ ਜੇਕਰ 31 ਜਨਵਰੀ ਨੂੰ ਸੁਖਪਾਲ ਖਹਿਰਾ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਨੂੰ 1 ਫਰਵਰੀ ਦੀ ਰਿਆਇਤ ਦਿੱਤੀ ਜਾਵੇਗੀ ਅਤੇ ਉਹ 1 ਫਰਵਰੀ ਨੂੰ ਵੀ ਭੁਲੱਥ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ।