ਹਰਿਆਣਾ ਦੀ ਰੋਹਤਕ ਜੇਲ ਵਿਚ ਬੰਦ ਸਿਰਸਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੇਰੋਲ ਦੇ ਦਿੱਤੀ ਹੈ। ਉਹ ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ਵਿਚ ਰੋਹਤਕ ਜੇਲ ਵਿਚ ਸਜ਼ਾ ਕੱਟ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਸਖਤ ਸੁਰੱਖਿਆ ਦੇ ਵਿਚਾਲੇ ਗੁਰਮੀਤ ਨੂੰ ਜੇਲ ਵਿਚੋਂ ਬਾਹਰ ਲਿਆਂਦਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਗੁਰਮੀਤ ਨੂੰ ਜੇਲ ਵਿਚੋਂ ਬਾਹਰ ਕੱਢ ਕੇ ਪੰਜਾਬ ਤੇ ਯੂਪੀ ਚੋਣਾਂ ਵਿਚ ਡੇਰੇ ਦੇ ਅਸਰ ਵਾਲੀਆਂ ਸੀਟਾਂ ਉੱਤੇ ਫਾਇਦਾ ਲੈਣਾ ਚਾਹੁੰਦੇ ਹਨ।
ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਜੇਲ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਬਿਆਨ ਆਇਆ ਸੀ ਕਿ ਪੇਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ। ਇਸ ਤੋਂ ਬਾਅਦ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ ਮਿਲ ਗਈ। ਉਸ ਨੂੰ ਅੱਜ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ ਵਿਚੋਂ ਬਾਹਰ ਕੱਢਿਆ ਹੈ। ਪੇਰੋਲ ਦੇ ਦੌਰਾਨ ਇਕ ਸਖਤ ਸ਼ਰਤ ਇਹ ਰੱਖੀ ਗਈ ਹੈ ਕਿ ਉਹ 21 ਦੇ 21 ਦਿਨ ਪੁਲਿਸ ਦੀ ਨਿਗਰਾਨੀ ਵਿਚ ਰਹੇਗਾ। ਉਸ ਦਾ ਜ਼ਿਆਦਾਤਰ ਸਮਾਂ ਡੇਰੇ ਵਿਚ ਹੀ ਬੀਤੇਗਾ।